ਮੁੱਖ ਸਮੱਗਰੀ 'ਤੇ ਜਾਓ
OpenAI

ਅਸੀਂ ਆਸਟ੍ਰੇਲੀਆ ਲਈ ਬਿਹਤਰ ਕਿਵੇਂ ਕਰਾਂਗੇ

ਲੋਡ ਹੋ ਰਿਹਾ ਹੈ…

ਜੂਨ ਵਿੱਚ ਅੰਦਰੂਨੀ ਸਿਖਲਾਈ ਅਤੇ ਮੁਲਾਂਕਣ ਦੌਰਾਨ, ਸਾਡੇ ਮਾਡਲਾਂ ਨੇ ਆਸਟ੍ਰੇਲੀਆਈ ਸਰਕਾਰ ਦੀਆਂ ਵੈੱਬਸਾਈਟਾਂ ਤੱਕ ਉਨ੍ਹਾਂ ਤਰੀਕਿਆਂ ਨਾਲ ਪਹੁੰਚ ਕੀਤੀ ਜਿਨ੍ਹਾਂ ਦੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਸੀ. ਇਸ ਮਾਮਲੇ ਵਿੱਚ ਸਾਡੀ ਪ੍ਰਤੀਕਿਰਿਆ ਵੀ ਬਿਹਤਰ ਹੋਣੀ ਚਾਹੀਦੀ ਸੀ. ਅਸੀਂ ਮਾਫ਼ੀ ਮੰਗਦੇ ਹਾਂ ਅਤੇ ਭਵਿੱਖ ਵਿੱਚ ਬਿਹਤਰ ਕਰਨ ਲਈ ਕੰਮ ਕਰ ਰਹੇ ਹਾਂ.

ਇਸ ਪੋਸਟ ਵਿੱਚ ਅਸੀਂ ਦੱਸ ਰਹੇ ਹਾਂ ਕਿ ਸਾਨੂੰ ਕੀ ਪਤਾ ਹੈ, ਅਸੀਂ ਕੀ ਬਦਲਿਆ ਹੈ ਅਤੇ ਆਸਟ੍ਰੇਲੀਆ ਦੇ ਲੋਕਾਂ ਦਾ ਭਰੋਸਾ ਮੁੜ ਜਿੱਤਣ ਲਈ ਕੀ ਕਰਾਂਗੇ. ਇਹ ਇੱਕ ਨਵੀਂ ਕਿਸਮ ਦੀ ਸਾਈਬਰ ਘਟਨਾ ਹੈ, ਜੋ ਉੱਭਰ ਰਹੀ ਵਿਸ਼ਵਵਿਆਪੀ ਚੁਣੌਤੀ ਨੂੰ ਦਰਸਾਉਂਦੀ ਹੈ. ਇਸ ਸਥਿਤੀ ਦੀ ਜਵਾਬਦੇਹੀ ਲੈਣ ਲਈ ਅਸੀਂ ਆਸਟ੍ਰੇਲੀਆ ਨਾਲ ਸੋਚ-ਸਮਝ ਕੇ ਸਹਿਯੋਗ ਕਰਨਾ ਚਾਹੁੰਦੇ ਹਾਂ. ਇਸ ਦਾ ਇੱਕ ਮਕਸਦ ਅਜਿਹੇ ਅਮਲੀ ਤਰੀਕੇ ਤਿਆਰ ਕਰਨ ਵਿੱਚ ਮਦਦ ਦੇਣਾ ਹੈ ਜਿਨ੍ਹਾਂ ਨਾਲ ਮਸਨੂਈ ਬੁੱਧੀ ਵਿਕਾਸਕਾਰ ਅਤੇ ਸਰਕਾਰਾਂ ਇਸ ਦੇ ਸਾਈਬਰ ਵਿਹਾਰ ਨੂੰ ਪਛਾਣਨ, ਉਸ ਦਾ ਖੁਲਾਸਾ ਕਰਨ ਅਤੇ ਉਸ ਪ੍ਰਤੀ ਕਾਰਵਾਈ ਕਰਨ, ਭਾਵੇਂ ਉਹ ਖ਼ਰਾਬ ਨੀਅਤ ਨਾਲ ਹੋਵੇ ਜਾਂ ਅਣਜਾਣੇ ਵਿੱਚ.

ਸਾਨੂੰ ਕਦੋਂ ਪਤਾ ਲੱਗਿਆ ਅਤੇ ਅਸੀਂ ਇਸ ਘਟਨਾ ਪ੍ਰਤੀ ਕੀ ਕਾਰਵਾਈ ਕੀਤੀ

ਜੁਲਾਈ ਵਿੱਚ ਹੱਗਿੰਗ ਫੇਸ ਦੀ ਘਟਨਾ ਤੋਂ ਬਾਅਦ, ਅਸੀਂ ਹੋਰ ਪ੍ਰਭਾਵਿਤ ਸੰਸਥਾਵਾਂ ਦੀ ਪਛਾਣ ਲਈ ਪਹਿਲਾਂ ਹੋਈ ਸਿਖਲਾਈ ਅਤੇ ਮੁਲਾਂਕਣ ਦੀ ਸਮੀਖਿਆ ਸ਼ੁਰੂ ਕੀਤੀ. ਅਗਸਤ ਦੇ ਅੱਧ ਵਿੱਚ, ਇਸ ਸਮੀਖਿਆ ਦੌਰਾਨ ਹੇਠਾਂ ਦਿੱਤੀਆਂ ਆਸਟ੍ਰੇਲੀਆਈ ਸਰਕਾਰੀ ਵੈੱਬਸਾਈਟਾਂ ਨੂੰ ਪ੍ਰਭਾਵਿਤ ਕਰਨ ਵਾਲੀ ਗਤੀਵਿਧੀ ਦਾ ਪਤਾ ਲੱਗਿਆ.

ਸਬੂਤਾਂ ਦੇ ਆਧਾਰ ਉੱਤੇ ਸਾਨੂੰ ਇਹ ਪਤਾ ਹੈ:

  • ਸਰਵਿਸਿਜ਼ ਆਸਟ੍ਰੇਲੀਆ: OpenAI ਦੇ ਇੱਕ ਮਾਡਲ ਨੇ ਸੇਵਾ ਦੇ ਗ਼ੈਰ-ਜਨਤਕ ਹਿੱਸੇ ਤੱਕ ਪਹੁੰਚਣ ਦਾ ਤਰੀਕਾ ਲੱਭਿਆ. ਉਸ ਨੇ ਕਮਾਂਡਾਂ ਚਲਾਈਆਂ, ਅੰਦਰੂਨੀ ਫ਼ਾਈਲਾਂ, ਪਹੁੰਚ ਪ੍ਰਮਾਣ-ਵੇਰਵੇ ਅਤੇ ਸਮੁੱਚੇ ਅੰਕੜੇ ਹਾਸਲ ਕੀਤੇ ਤੇ ਫ਼ਾਈਲਾਂ ਲਿਖੀਆਂ. ਪਰ ਕਿਸੇ ਮਰੀਜ਼ ਜਾਂ ਗਾਹਕ ਦੇ ਵਿਅਕਤੀਗਤ ਰਿਕਾਰਡਾਂ ਤੱਕ ਪਹੁੰਚ ਨਹੀਂ ਕੀਤੀ ਗਈ. ਹੇਠਾਂ ਅਸੀਂ ਇਸ ਘਟਨਾ ਬਾਰੇ ਹੋਰ ਵਿਸਥਾਰ ਨਾਲ ਦੱਸਦੇ ਹਾਂ.

  • ਨਿਊ ਸਾਊਥ ਵੇਲਜ਼ ਅਪਰਾਧ ਅੰਕੜਾ ਅਤੇ ਖੋਜ ਬਿਊਰੋ (ਬੌਕਸਾਰ): OpenAI ਦੇ ਇੱਕ ਮਾਡਲ ਨੇ ਅਪਰਾਧ ਦੇ ਜਨਤਕ ਅੰਕੜਿਆਂ ਦੀ ਖੋਜ ਲਈ ਬੌਕਸਾਰ ਦਾ ਜਨਤਕ ਅਪਰਾਧ ਨਕਸ਼ਾ ਟੂਲ ਵਰਤਿਆ. (ਮਾਡਲ ਜਾਣਕਾਰੀ ਲੱਭਣ ਦੇ ਵੱਖ-ਵੱਖ ਕੰਮ ਕਿਉਂ ਕਰਦੇ ਹਨ, ਇਸ ਬਾਰੇ ਅਸੀਂ ਹੇਠਾਂ ਹੋਰ ਦੱਸਦੇ ਹਾਂ.) ਮਾਡਲ ਨੇ ਬੌਕਸਾਰ ਦੇ ਜਨਤਕ ਟੂਲ ਰਾਹੀਂ ਏਪੀਆਈ ਅਤੇ ਵੈੱਬਸਾਈਟ ਮੈਟਾਡਾਟਾ ਲਈ ਬੇਨਤੀਆਂ ਕੀਤੀਆਂ. ਇਹ ਟੂਲ ਬ੍ਰਾਊਜ਼ਰ ਦੀਆਂ ਏਪੀਆਈ ਬੇਨਤੀਆਂ ਲਈ ਪਹੁੰਚ ਪ੍ਰਮਾਣ-ਵੇਰਵੇ ਦਿੰਦਾ ਹੈ. ਬੌਕਸਾਰ ਦੇ ਸਿਸਟਮ ਨੇ ਜਵਾਬ ਵਿੱਚ ਐਪਲੀਕੇਸ਼ਨ ਦੀ ਸੰਰਚਨਾ, ਸੰਚਾਲਨ ਕਾਰਜ ਅਤੇ ਲੌਗ, ਤੇ ਵੈੱਬਸਾਈਟ ਮੈਟਾਡਾਟਾ ਦਿੱਤਾ. ਵਿਅਕਤੀਆਂ ਦੇ ਅਪਰਾਧ ਰਿਕਾਰਡਾਂ ਤੱਕ ਪਹੁੰਚ ਨਹੀਂ ਕੀਤੀ ਗਈ.

  • ਵਿਕਟੋਰੀਆ ਦਾ ਸਿਹਤ ਵਿਭਾਗ: OpenAI ਦੇ ਏਜੰਟਾਂ ਨੂੰ ਇੱਕ ਖੁੱਲ੍ਹੀ ਪਈ ਪਹੁੰਚ ਕੁੰਜੀ ਮਿਲੀ. ਇਸ ਨਾਲ ਉਨ੍ਹਾਂ ਨੇ ਵਿਕਟੋਰੀਆ ਦੀ ਸਿਹਤ ਜਾਣਕਾਰੀ ਏਜੰਸੀ ਦੇ ਰਿਪੋਰਟਿੰਗ ਸਿਸਟਮ ਤੋਂ ਜਾਣਕਾਰੀ ਮੰਗੀ ਅਤੇ ਰਿਪੋਰਟਿੰਗ ਦੀ ਸੰਰਚਨਾ ਤੇ ਸਰਵੇਖਣ ਦੇ ਸਮੁੱਚੇ ਅੰਕੜੇ ਹਾਸਲ ਕੀਤੇ. ਇਹ ਸਪਸ਼ਟ ਨਹੀਂ ਹੈ ਕਿ ਇਸ ਜਾਣਕਾਰੀ ਤੱਕ ਕਿੰਨੀ ਪਹੁੰਚ ਉਪਲਬਧ ਹੋਣੀ ਚਾਹੀਦੀ ਸੀ. ਇਹ ਵੀਏਐੱਚਆਈ ਦੀਆਂ ਪਹੁੰਚ ਨੀਤੀਆਂ ਉੱਤੇ ਨਿਰਭਰ ਕਰਦਾ ਹੈ. ਵਿਅਕਤੀਗਤ ਡਾਕਟਰੀ ਰਿਕਾਰਡਾਂ ਜਾਂ ਪਛਾਣ ਜ਼ਾਹਰ ਕਰਨ ਵਾਲੇ ਸਰਵੇਖਣ ਜਵਾਬਾਂ ਤੱਕ ਪਹੁੰਚ ਨਹੀਂ ਕੀਤੀ ਗਈ.

  • ਆਸਟ੍ਰੇਲੀਆਈ ਸਿਹਤ ਅਤੇ ਭਲਾਈ ਸੰਸਥਾ: OpenAI ਦੇ ਏਜੰਟਾਂ ਨੇ ਤੀਜੀ ਧਿਰ ਦੀਆਂ ਬ੍ਰਾਊਜ਼ਿੰਗ ਅਤੇ ਡਾਊਨਲੋਡ ਸੇਵਾਵਾਂ ਰਾਹੀਂ ਏਆਈਐੱਚਡਬਲਯੂ ਦੀ ਵੈੱਬਸਾਈਟ ਸਮੇਤ ਕਈ ਸਰੋਤਾਂ ਤੋਂ ਸਮੁੱਚੇ ਅੰਕੜੇ ਹਾਸਲ ਕੀਤੇ ਅਤੇ ਚਾਰਟ ਦਾ ਡਾਟਾ ਸਿੱਧਾ ਮੰਗਿਆ. ਪਹੁੰਚ ਨਿਯੰਤਰਣਾਂ ਨੂੰ ਬਾਈਪਾਸ ਕਰਨ ਦੀਆਂ ਵੱਖਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ. ਜਾਪਦਾ ਹੈ ਕਿ ਡਾਊਨਲੋਡ ਕੀਤੀ ਸਮੱਗਰੀ ਜਨਤਕ ਤੌਰ ਉੱਤੇ ਉਪਲਬਧ ਸੀ. ਸਿਸਟਮ ਦੀ ਸੁਰੱਖਿਆ ਵਿੱਚ ਕੋਈ ਸੰਨ੍ਹ ਨਹੀਂ ਲੱਗੀ. ਵਿਅਕਤੀਗਤ ਡਾਕਟਰੀ ਰਿਕਾਰਡਾਂ ਤੱਕ ਪਹੁੰਚ ਨਹੀਂ ਕੀਤੀ ਗਈ.

ਅਗਸਤ ਦੇ ਅੱਧ ਵਿੱਚ ਪਤਾ ਲੱਗਦੇ ਹੀ ਅਸੀਂ ਇਨ੍ਹਾਂ ਗਤੀਵਿਧੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ. ਅਸੀਂ 10 ਸਤੰਬਰ ਨੂੰ ਸਰਵਿਸਿਜ਼ ਆਸਟ੍ਰੇਲੀਆ ਅਤੇ ਵਿਕਟੋਰੀਆ ਦੇ ਸਿਹਤ ਵਿਭਾਗ ਨੂੰ, ਤੇ 18 ਸਤੰਬਰ ਨੂੰ ਨਿਊ ਸਾਊਥ ਵੇਲਜ਼ ਅਪਰਾਧ ਅੰਕੜਾ ਅਤੇ ਖੋਜ ਬਿਊਰੋ ਨੂੰ ਸੂਚਿਤ ਕੀਤਾ. ਆਸਟ੍ਰੇਲੀਆਈ ਸਿਹਤ ਅਤੇ ਭਲਾਈ ਸੰਸਥਾ ਨਾਲ ਸੰਬੰਧਿਤ ਗਤੀਵਿਧੀ ਸਾਡੇ ਖੁਲਾਸੇ ਦੇ ਮਾਪਦੰਡਾਂ ਦੇ ਘੇਰੇ ਵਿੱਚ ਨਹੀਂ ਆਉਂਦੀ ਸੀ, ਕਿਉਂਕਿ ਪਹੁੰਚ ਦਾ ਤਰੀਕਾ ਜਨਤਕ ਪਹੁੰਚ ਦੇ ਅਨੁਕੂਲ ਲੱਗਦਾ ਸੀ. ਫਿਰ ਵੀ ਅਸੀਂ ਆਪਣੇ ਨਤੀਜੇ ਸਾਂਝੇ ਕਰਨ ਅਤੇ ਜਾਣਕਾਰੀ ਦੇਣ ਲਈ ਮੀਟਿੰਗ ਦੀ ਪੇਸ਼ਕਸ਼ ਕਰਨ ਵਾਸਤੇ 24 ਸਤੰਬਰ ਨੂੰ ਸੰਸਥਾ ਨੂੰ ਸੂਚਿਤ ਕੀਤਾ.

ਸਾਡਾ ਮਕਸਦ ਜਾਂਚ ਪੂਰੀ ਹੋਣ ਉੱਤੇ ਪ੍ਰਭਾਵਿਤ ਏਜੰਸੀਆਂ ਨੂੰ ਵਿਸਥਾਰਪੂਰਵਕ ਵੇਰਵਾ ਦੇਣਾ ਸੀ. ਪਰ ਸਾਨੂੰ ਸ਼ੁਰੂਆਤੀ ਨਤੀਜੇ ਪਹਿਲਾਂ ਸਾਂਝੇ ਕਰਨੇ ਚਾਹੀਦੇ ਸਨ ਅਤੇ ਹੋਰ ਤੱਥ ਸਾਹਮਣੇ ਆਉਣ ਦੇ ਨਾਲ ਆਸਟ੍ਰੇਲੀਆਈ ਏਜੰਸੀਆਂ ਨੂੰ ਤਾਜ਼ਾ ਜਾਣਕਾਰੀ ਦਿੰਦੇ ਰਹਿਣਾ ਚਾਹੀਦਾ ਸੀ.

ਉਦੋਂ ਤੋਂ ਅਸੀਂ ਹੁਣ ਤੱਕ ਮਿਲੀ ਜਾਣਕਾਰੀ ਸਾਂਝੀ ਕਰਨ ਲਈ ਆਸਟ੍ਰੇਲੀਆਈ ਸਰਕਾਰੀ ਏਜੰਸੀਆਂ ਨਾਲ ਨੇੜਿਓਂ ਕੰਮ ਕੀਤਾ ਹੈ. ਜੇ ਸਾਨੂੰ ਕਿਸੇ ਹੋਰ ਪ੍ਰਭਾਵਿਤ ਏਜੰਸੀ ਦਾ ਪਤਾ ਲੱਗਦਾ ਹੈ, ਤਾਂ ਅਸੀਂ ਉਪਲਬਧ ਜਾਣਕਾਰੀ ਨਾਲ ਉਸ ਨੂੰ ਤੁਰੰਤ ਅਤੇ ਸਿੱਧੇ ਤੌਰ ਉੱਤੇ ਸੂਚਿਤ ਕਰਾਂਗੇ ਅਤੇ ਹੋਰ ਤੱਥ ਸਾਹਮਣੇ ਆਉਣ ਉੱਤੇ ਤਾਜ਼ਾ ਜਾਣਕਾਰੀ ਦੇਵਾਂਗੇ.

ਸਰਵਿਸਿਜ਼ ਆਸਟ੍ਰੇਲੀਆ ਦੀ ਮੈਡੀਕੇਅਰ ਅੰਕੜਾ ਰਿਪੋਰਟਿੰਗ ਸੇਵਾ ਨਾਲ ਕੀ ਹੋਇਆ

ਜੂਨ ਵਿੱਚ ਅੰਦਰੂਨੀ ਸਿਖਲਾਈ ਅਤੇ ਮੁਲਾਂਕਣ ਦੌਰਾਨ, ਅਸੀਂ OpenAI ਦਾ ਇੱਕ ਪ੍ਰਯੋਗਾਤਮਕ ਮਾਡਲ ਚਲਾ ਰਹੇ ਸੀ ਜੋ ਸਿਰਫ਼ ਅੰਦਰੂਨੀ ਵਰਤੋਂ ਲਈ ਸੀ, ਜਨਤਕ ਤੌਰ ਉੱਤੇ ਜਾਰੀ ਕਰਨ ਲਈ ਨਹੀਂ. ਇਸ ਵਿੱਚ ਸਾਡੇ ਜਨਤਕ ਉਤਪਾਦਾਂ ਵਾਲੇ ਸਾਰੇ ਸੁਰੱਖਿਆ ਉਪਾਅ ਲਾਗੂ ਨਹੀਂ ਸਨ. ਇਸ ਸਿਖਲਾਈ ਅਤੇ ਮੁਲਾਂਕਣ ਦੌਰਾਨ, ਉਸ ਨੇ ਸਰਵਿਸਿਜ਼ ਆਸਟ੍ਰੇਲੀਆ ਦੀ ਮੈਡੀਕੇਅਰ ਅੰਕੜਾ ਰਿਪੋਰਟਿੰਗ ਸੇਵਾ ਤੱਕ ਪਹੁੰਚ ਕੀਤੀ. ਹੁਣ ਤੱਕ ਦੀ ਸਾਡੀ ਸਮੀਖਿਆ ਵਿੱਚ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਕਿਸੇ ਦੇ ਡਾਕਟਰੀ ਰਿਕਾਰਡਾਂ ਤੱਕ ਪਹੁੰਚ ਕੀਤੀ ਗਈ ਸੀ.

ਜਦੋਂ ਅਸੀਂ ਆਪਣੇ ਮਾਡਲਾਂ ਦੀ ਅੰਦਰੂਨੀ ਸਿਖਲਾਈ ਅਤੇ ਮੁਲਾਂਕਣ ਕਰਦੇ ਹਾਂ, ਤਾਂ ਉਨ੍ਹਾਂ ਨੂੰ ਕਈ ਵਿਸ਼ਿਆਂ ਦੇ ਖੋਜ ਸਵਾਲਾਂ ਦੇ ਵੱਡੇ ਸੰਗ੍ਰਹਿ ਵਿੱਚੋਂ ਕੰਮ ਦਿੰਦੇ ਹਾਂ. ਇਹ ਸਵਾਲ ਉਸ ਕਿਸਮ ਦੇ ਵਿਸਥਾਰਪੂਰਵਕ ਸਵਾਲਾਂ ਨੂੰ ਦਰਸਾਉਂਦੇ ਹਨ ਜੋ ਵਰਤੋਂਕਾਰ ਪੁੱਛ ਸਕਦੇ ਹਨ. ਇਸ ਨਾਲ ਮਾਡਲ ਜਨਤਕ ਤੌਰ ਉੱਤੇ ਉਪਲਬਧ ਜਾਣਕਾਰੀ ਲੱਭਣਾ, ਉਸ ਦਾ ਅਰਥ ਸਮਝਣਾ ਅਤੇ ਵਿਸ਼ਲੇਸ਼ਣ ਕਰਨਾ ਸਿੱਖਦਾ ਹੈ, ਤਾਂ ਜੋ ਉਹ ਲੋਕਾਂ ਲਈ ਵਧੇਰੇ ਲਾਭਦਾਇਕ ਹੋ ਸਕੇ. ਸਾਡੇ ਮਾਡਲਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਜਨਤਕ ਤੌਰ ਉੱਤੇ ਪ੍ਰਕਾਸ਼ਿਤ ਅੰਕੜਿਆਂ ਨਾਲ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ.

ਇਸ ਮਾਮਲੇ ਵਿੱਚ, ਮਾਡਲ ਨੂੰ ਦਿੱਤੇ ਕੰਮਾਂ ਵਿੱਚੋਂ ਇੱਕ ਸੀ ਵਿਕਟੋਰੀਆ ਦੇ ਭਾਈਚਾਰਿਆਂ ਵਿੱਚ ਚਮੜੀ ਦੀਆਂ ਬਿਮਾਰੀਆਂ ਦੀਆਂ ਦਵਾਈਆਂ ਉੱਤੇ ਪ੍ਰਤੀ ਵਿਅਕਤੀ ਸਰਕਾਰੀ ਖ਼ਰਚ ਦੀ ਖੋਜ ਕਰਨਾ. ਮਾਡਲ ਨੂੰ ਇਹ ਜਾਣਕਾਰੀ ਹਾਸਲ ਕਰਨ ਵਿੱਚ ਮੁਸ਼ਕਲ ਆਈ ਅਤੇ ਉਸ ਨੇ ਅਜਿਹੀਆਂ ਕਾਰਵਾਈਆਂ ਕੀਤੀਆਂ ਜਿਨ੍ਹਾਂ ਦੀ ਅਸੀਂ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਸੀ. ਸਰਵਿਸਿਜ਼ ਆਸਟ੍ਰੇਲੀਆ ਦੀ ਮੈਡੀਕੇਅਰ ਅੰਕੜਾ ਰਿਪੋਰਟਿੰਗ ਸੇਵਾ ਵਿੱਚ ਇਹ ਜਾਣਕਾਰੀ ਲੱਭਦਿਆਂ, ਉਸ ਨੂੰ ਸੇਵਾ ਦੇ ਗ਼ੈਰ-ਜਨਤਕ ਹਿੱਸੇ ਤੱਕ ਪਹੁੰਚਣ ਦਾ ਇੱਕ ਤਰੀਕਾ ਮਿਲ ਗਿਆ. ਫਿਰ ਉਸ ਨੇ ਇਸ ਪਹੁੰਚ ਨਾਲ ਸੇਵਾ ਨਾਲ ਸੰਬੰਧਿਤ ਸਿਸਟਮ ਦੀ ਤਕਨੀਕੀ ਜਾਣਕਾਰੀ ਅਤੇ ਸਰੋਤ ਕੋਡ ਦੀ ਸਮੀਖਿਆ ਕੀਤੀ. ਇਸ ਸਭ ਦਾ ਮਕਸਦ ਅਜੇ ਵੀ ਉਹੀ ਜਾਣਕਾਰੀ ਲੱਭਣਾ ਸੀ ਜਿਸ ਦੀ ਉਹ ਸ਼ੁਰੂ ਤੋਂ ਭਾਲ ਕਰ ਰਿਹਾ ਸੀ. ਸਾਡਾ ਇਰਾਦਾ ਨਹੀਂ ਸੀ ਕਿ ਇਹ ਗਤੀਵਿਧੀ ਹੋਵੇ. ਸੇਵਾ ਤੱਕ ਇਹ ਪਹੁੰਚ ਅਤੇ ਇਸ ਤੋਂ ਬਾਅਦ ਦੀਆਂ ਕਾਰਵਾਈਆਂ ਨਹੀਂ ਹੋਣੀਆਂ ਚਾਹੀਦੀਆਂ ਸਨ.

ਅਸੀਂ ਕੀ ਬਦਲ ਰਹੇ ਹਾਂ

ਹੱਗਿੰਗ ਫੇਸ ਦੀ ਘਟਨਾ ਤੋਂ ਬਾਅਦ, ਅਸੀਂ ਖੋਜ ਲਈ ਸੁਰੱਖਿਆ ਉਪਾਅ ਮਜ਼ਬੂਤ ਕੀਤੇ, ਜਿਨ੍ਹਾਂ ਵਿੱਚ ਨੈੱਟਵਰਕ ਉੱਤੇ ਵਾਧੂ ਪਾਬੰਦੀਆਂ ਅਤੇ ਵਧੇਰੇ ਨਿਗਰਾਨੀ ਸ਼ਾਮਲ ਹਨ. ਅਸੀਂ ਇਨ੍ਹਾਂ ਖੋਜ ਮਾਹੌਲਾਂ ਵਿੱਚ ਇੰਟਰਨੈੱਟ ਤੱਕ ਸਿੱਧੀ ਪਹੁੰਚ ਰੋਕਣ ਲਈ ਨਿਯੰਤਰਣ ਲਾਗੂ ਕੀਤੇ ਅਤੇ ਵੈੱਬ ਪਹੁੰਚ ਲਈ ਕੈਸ਼ ਵਿੱਚ ਸੰਭਾਲੀ ਸਮੱਗਰੀ ਵਰਤਣ ਦਾ ਪ੍ਰਬੰਧ ਕੀਤਾ. ਸੁਰੱਖਿਆ ਦੀ ਇੱਕ ਵਾਧੂ ਪਰਤ ਵਜੋਂ, ਸਾਡੇ ਮੌਜੂਦਾ ਨਿਗਰਾਨੀ ਸਿਸਟਮ ਇਸ ਗਤੀਵਿਧੀ ਦਾ ਪਤਾ ਲਗਾ ਲੈਂਦੇ ਅਤੇ ਤੁਰੰਤ ਮਨੁੱਖੀ ਸਮੀਖਿਆ ਲਈ ਸਾਡੀ ਟੀਮ ਨੂੰ ਚੇਤਾਵਨੀ ਭੇਜਦੇ. ਮਿਸਾਲ ਵਜੋਂ, ਜਦੋਂ ਹਾਲੀਆ ਸਿਖਲਾਈ ਦੌਰ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਵਿੱਚ ਇੱਕ ਮਾਡਲ ਨੂੰ ਇੰਟਰਨੈੱਟ ਤੱਕ ਸਿੱਧੀ ਪਹੁੰਚ ਮਿਲੀ, ਤਾਂ ਸਾਡੀ ਨਿਗਰਾਨੀ ਨੇ ਇਸ ਦਾ ਪਤਾ ਲਗਾਇਆ ਅਤੇ ਇੱਕ ਮਨੁੱਖੀ ਸਮੀਖਿਅਕ ਨੂੰ ਚੇਤਾਵਨੀ ਭੇਜੀ. ਅਸੀਂ ਉਹ ਸਿਖਲਾਈ ਦੌਰ ਰੋਕ ਦਿੱਤਾ. ਅਸੀਂ ਇਨ੍ਹਾਂ ਸੁਰੱਖਿਆ ਉਪਾਵਾਂ ਦੀ ਜਾਂਚ ਅਤੇ ਕਮੀਆਂ ਦੂਰ ਕਰਨ ਦਾ ਕੰਮ ਜਾਰੀ ਰੱਖ ਰਹੇ ਹਾਂ. ਹੱਗਿੰਗ ਫੇਸ ਦੀ ਘਟਨਾ ਅਜੇ ਵੀ ਸਾਡੇ ਧਿਆਨ ਵਿੱਚ ਆਈ ਸਭ ਤੋਂ ਗੰਭੀਰ ਘਟਨਾ ਹੈ.

ਲੋਕ ਇਹ ਯਕੀਨ ਚਾਹੁੰਦੇ ਹਨ ਕਿ ਮਸਨੂਈ ਬੁੱਧੀ ਸੁਰੱਖਿਅਤ ਢੰਗ ਨਾਲ ਵਿਕਸਿਤ ਕੀਤੀ ਜਾ ਰਹੀ ਹੈ. ਇਸ ਦੀ ਸ਼ੁਰੂਆਤ ਸਾਡੇ ਵਰਗੀਆਂ ਕੰਪਨੀਆਂ ਦੀਆਂ ਆਪਣੀਆਂ ਕਾਰਵਾਈਆਂ ਤੋਂ ਹੁੰਦੀ ਹੈ. ਅਸੀਂ ਹਾਲ ਹੀ ਵਿੱਚ ਦੱਸਿਆ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਸੀ ਕਿ ਅਸੀਂ ਆਪਣੇ ਸਭ ਤੋਂ ਸਮਰੱਥ ਮਾਡਲਾਂ ਦੀ ਟੂਲਾਂ ਦੀ ਵਰਤੋਂ ਵਾਲੀ ਸਿਖਲਾਈ ਅਤੇ ਮੁਲਾਂਕਣ ਰੋਕ ਦਿੱਤੇ ਹਨ. ਅਸੀਂ ਇਨ੍ਹਾਂ ਦੀ ਸਿਖਲਾਈ ਉਦੋਂ ਹੀ ਮੁੜ ਸ਼ੁਰੂ ਕਰਾਂਗੇ ਜਦੋਂ ਸਾਨੂੰ ਭਰੋਸਾ ਹੋਵੇਗਾ ਕਿ ਵਾਧੂ ਸੁਰੱਖਿਆ ਉਪਾਅ ਲਾਗੂ ਹੋ ਚੁੱਕੇ ਹਨ. ਇਸ ਵੇਲੇ ਅਸੀਂ ਇਨ੍ਹਾਂ ਉਪਾਵਾਂ ਉੱਤੇ ਕੰਮ ਕਰ ਰਹੇ ਹਾਂ.

ਜਿਉਂ-ਜਿਉਂ ਮਸਨੂਈ ਬੁੱਧੀ ਦੇ ਸਿਸਟਮ ਆਮ ਤੌਰ ਉੱਤੇ ਵਧੇਰੇ ਸਮਰੱਥ ਹੋ ਰਹੇ ਹਨ, ਸੰਸਥਾਵਾਂ ਨੂੰ ਕਮਜ਼ੋਰੀਆਂ ਲੱਭਣ ਅਤੇ ਠੀਕ ਕਰਨ ਵਿੱਚ ਮਦਦ ਦੇਣ ਲਈ ਸਾਡੇ ਕੋਲ ਸਮਾਂ ਵੀ ਘਟਦਾ ਜਾ ਰਿਹਾ ਹੈ. ਇਸ ਲਈ ਦੁਨੀਆ ਭਰ ਦੇ ਸਾਈਬਰ ਸੁਰੱਖਿਆ ਕਰਮੀਆਂ ਨਾਲ ਮਿਲ ਕੇ ਸਾਂਝੀ ਕਾਰਵਾਈ ਕਰਨ ਦੀ ਲੋੜ ਹੈ.

ਅਸੀਂ ਤਕਨਾਲੋਜੀ, ਸਾਈਬਰ ਸੁਰੱਖਿਆ ਅਤੇ ਅਹਿਮ ਬੁਨਿਆਦੀ ਢਾਂਚੇ ਨਾਲ ਜੁੜੀਆਂ ਸੰਸਥਾਵਾਂ ਨਾਲ ਮਿਲ ਕੇ ਸਾਈਬਰ ਰੱਖਿਆ ਲਈ ਸਾਂਝੀ ਕਾਰਵਾਈ ਦੀ ਅਪੀਲ ਕੀਤੀ ਹੈ. ਇਸ ਅਪੀਲ ਦੀ ਸ਼ੁਰੂਆਤ ਸਾਡੀਆਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਹੁੰਦੀ ਹੈ, ਜਿਨ੍ਹਾਂ ਵਿੱਚ ਮਜ਼ਬੂਤ ਸੁਰੱਖਿਆ ਉਪਾਅ, ਸਮੇਂ ਸਿਰ ਖੁਲਾਸਾ ਅਤੇ ਪ੍ਰਭਾਵਿਤ ਸੰਸਥਾਵਾਂ ਨੂੰ ਅਮਲੀ ਸਹਾਇਤਾ ਦੇਣਾ ਸ਼ਾਮਲ ਹੈ. ਇਹ ਜ਼ਰੂਰੀ ਸੇਵਾਵਾਂ ਦੀ ਰੱਖਿਆ ਕਰਨ ਵਾਲੀਆਂ ਟੀਮਾਂ ਵਿੱਚ ਨਿਵੇਸ਼ ਦੀ ਵੀ ਅਪੀਲ ਕਰਦੀ ਹੈ, ਤਾਂ ਜੋ ਉਹ ਕਮਜ਼ੋਰੀਆਂ ਲੱਭ ਸਕਣ, ਸੁਧਾਰਾਂ ਦੀ ਪੁਸ਼ਟੀ ਕਰ ਸਕਣ ਅਤੇ ਕਾਰਗਰ ਤਰੀਕੇ ਸਾਂਝੇ ਕਰ ਸਕਣ.

ਆਸਟ੍ਰੇਲੀਆ ਵਿੱਚ, ਅਸੀਂ ਪ੍ਰਭਾਵਿਤ ਏਜੰਸੀਆਂ ਦੀ ਸਹਾਇਤਾ ਅਤੇ ਸਾਈਬਰ ਸੁਰੱਖਿਆ ਕਰਮੀਆਂ ਨੂੰ ਇਹ ਸਿਧਾਂਤ ਅਮਲ ਵਿੱਚ ਲਿਆਉਣ ਵਿੱਚ ਮਦਦ ਦੇਣ ਲਈ ਸਰੋਤ ਅਤੇ ਮੁਹਾਰਤ ਦੇਣ ਦੀ ਵਚਨਬੱਧਤਾ ਕਰ ਰਹੇ ਹਾਂ. ਇਸ ਵਿੱਚ ਸ਼ਾਮਲ ਹਨ:

  • ਪ੍ਰਭਾਵਿਤ ਏਜੰਸੀਆਂ ਲਈ ਵਿਸ਼ੇਸ਼ ਸਹਾਇਤਾ. ਅਸੀਂ ਪ੍ਰਭਾਵਿਤ ਏਜੰਸੀਆਂ ਨੂੰ ਇਹ ਸਮਝਣ ਵਿੱਚ ਮਦਦ ਦੇਣ ਲਈ ਲੋੜੀਂਦੇ ਸਰੋਤ ਮੁਹੱਈਆ ਕਰਾਂਗੇ ਕਿ ਕੀ ਹੋਇਆ ਅਤੇ ਇਸ ਦਾ ਕੀ ਅਸਰ ਪਿਆ. ਇਸ ਵਿੱਚ ਸੰਬੰਧਿਤ ਤਕਨੀਕੀ ਨਤੀਜੇ ਸਾਂਝੇ ਕਰਨਾ ਅਤੇ ਜਾਣਕਾਰੀ ਸਾਂਝੀ ਕਰਨ ਦੇ ਢੁਕਵੇਂ ਪ੍ਰਬੰਧਾਂ ਰਾਹੀਂ ਸਾਡੀਆਂ ਪ੍ਰਤੀਕਿਰਿਆ ਟੀਮਾਂ ਨਾਲ ਰਾਬਤਾ ਕਰਵਾਉਣਾ ਸ਼ਾਮਲ ਹੈ.

  • ਸਾਈਬਰ ਰੱਖਿਆ ਮਜ਼ਬੂਤ ਕਰਨ ਲਈ ਫੰਡ ਅਤੇ ਸਹਾਇਤਾ. ਅਸੀਂ ਆਪਣੇ 1 ਅਰਬ ਡਾਲਰ ਦੇ ਮੋਹਰਲੀ ਕਤਾਰ ਦੇ ਰੱਖਿਅਕਾਂ ਲਈ ਡੇਬ੍ਰੇਕ ਫੰਡ ਤੋਂ ਕ੍ਰੈਡਿਟ ਅਤੇ ਤਕਨੀਕੀ ਸਹਾਇਤਾ ਦੇ ਕੇ ਆਸਟ੍ਰੇਲੀਆ ਦੀਆਂ ਸਰਕਾਰਾਂ ਅਤੇ ਉਦਯੋਗ ਨੂੰ ਅਹਿਮ ਬੁਨਿਆਦੀ ਢਾਂਚੇ ਅਤੇ ਹੋਰ ਸੰਵੇਦਨਸ਼ੀਲ ਮਾਹੌਲਾਂ ਵਿੱਚ ਸਾਈਬਰ ਰੱਖਿਆ ਮਜ਼ਬੂਤ ਕਰਨ ਵਿੱਚ ਮਦਦ ਕਰਾਂਗੇ. ਸਰਕਾਰਾਂ ਅਤੇ ਅਹਿਮ ਬੁਨਿਆਦੀ ਢਾਂਚੇ ਦੇ ਸੰਚਾਲਕਾਂ ਨਾਲ ਸਾਡੇ ਸਹਿਯੋਗ ਨੂੰ ਅੱਗੇ ਵਧਾਉਂਦਿਆਂ, ਇਹ ਕੰਮ ਸੰਸਥਾਵਾਂ ਨੂੰ ਵਧਦੀ ਸਮਰੱਥਾ ਵਾਲੇ ਮਸਨੂਈ ਬੁੱਧੀ ਏਜੰਟਾਂ ਦੇ ਖ਼ਤਰਿਆਂ ਨੂੰ ਬਿਹਤਰ ਸਮਝਣ, ਪਛਾਣਨ ਅਤੇ ਉਨ੍ਹਾਂ ਨਾਲ ਨਜਿੱਠਣ ਵਿੱਚ ਮਦਦ ਕਰੇਗਾ.

  • ਇੱਕ ਆਸਟ੍ਰੇਲੀਆਈ ਕਾਰਜ ਦਲ. ਅਸੀਂ ਆਸਟ੍ਰੇਲੀਆ ਦੇ ਸੁਤੰਤਰ ਮਾਹਿਰਾਂ ਦੀ ਭਾਗੀਦਾਰੀ ਨਾਲ ਇੱਕ ਕਾਰਜ ਦਲ ਬਣਾਵਾਂਗੇ, ਜੋ ਵਧਦੀ ਸਮਰੱਥਾ ਵਾਲੇ ਮਸਨੂਈ ਬੁੱਧੀ ਏਜੰਟਾਂ ਦੇ ਖ਼ਤਰਿਆਂ ਨੂੰ ਸੰਭਾਲਣ ਲਈ ਅਮਲੀ ਨੀਤੀਗਤ ਸਿਫ਼ਾਰਸ਼ਾਂ ਤਿਆਰ ਕਰੇਗਾ. ਇਨ੍ਹਾਂ ਘਟਨਾਵਾਂ ਤੋਂ ਸਿੱਖੇ ਸਬਕਾਂ ਦੇ ਆਧਾਰ ਉੱਤੇ, ਇਹ ਸੂਚਨਾ ਦੇਣ ਦੀਆਂ ਪ੍ਰਕਿਰਿਆਵਾਂ ਸੁਧਾਰਨ, ਮਸਨੂਈ ਬੁੱਧੀ ਵਿਕਾਸਕਾਰਾਂ ਅਤੇ ਸਰਕਾਰ ਵਿਚਾਲੇ ਤਾਲਮੇਲ ਮਜ਼ਬੂਤ ਕਰਨ ਅਤੇ ਸਰਕਾਰੀ ਸਿਸਟਮਾਂ ਦੀ ਬਿਹਤਰ ਸੁਰੱਖਿਆ ਲਈ ਉਪਾਅ ਲੱਭਣ ਉੱਤੇ ਧਿਆਨ ਦੇਵੇਗਾ. ਕਾਰਜ ਦਲ ਦੀਆਂ ਸਿਫ਼ਾਰਸ਼ਾਂ OpenAI ਦੀ ਪਹੁੰਚ ਨੂੰ ਸੇਧ ਦੇਣਗੀਆਂ ਅਤੇ ਮਸਨੂਈ ਬੁੱਧੀ ਦੀ ਸੁਰੱਖਿਆ ਤੇ ਸਾਈਬਰ ਸੁਰੱਖਿਆ ਬਾਰੇ ਆਸਟ੍ਰੇਲੀਆ ਦੀਆਂ ਸਰਕਾਰਾਂ ਦੇ ਕੰਮ ਵਿੱਚ ਮਦਦ ਕਰਨਗੀਆਂ. ਇਸ ਕਾਰਜ ਦਲ ਵੱਲੋਂ ਸਾਲ ਦੇ ਅੰਤ ਤੱਕ ਕੰਮ ਪੂਰਾ ਕਰਨ ਦੀ ਉਮੀਦ ਹੈ. ਇਹ ਅਜਿਹੀਆਂ ਘਟਨਾਵਾਂ ਦਾ ਖ਼ਤਰਾ ਘਟਾਉਣ ਲਈ ਮਸਨੂਈ ਬੁੱਧੀ ਕੰਪਨੀਆਂ ਨੂੰ ਅਮਲੀ ਕਦਮਾਂ ਦੀ ਸਿਫ਼ਾਰਸ਼ ਵੀ ਕਰੇਗਾ.

ਆਸਟ੍ਰੇਲੀਆ ਦੇ ਲੋਕਾਂ ਦਾ ਭਰੋਸਾ ਮੁੜ ਜਿੱਤਣਾ

ਆਸਟ੍ਰੇਲੀਆ ਦੀਆਂ ਸਰਕਾਰਾਂ, ਉਦਯੋਗ ਅਤੇ ਨਾਗਰਿਕ OpenAI ਦੇ ਅਨਮੋਲ ਭਾਈਵਾਲ ਰਹੇ ਹਨ ਅਤੇ ਅੱਜ ਵੀ ਹਨ. ਅਸੀਂ ਇਸ ਸਾਂਝ ਦੀ ਕਦਰ ਕਰਦੇ ਹਾਂ ਅਤੇ ਹਾਲਾਤ ਸੁਧਾਰਨ ਦਾ ਇਰਾਦਾ ਰੱਖਦੇ ਹਾਂ.

OpenAI ਦੇ ਮੁੱਖ ਰਣਨੀਤੀ ਅਧਿਕਾਰੀ ਜੇਸਨ ਕਵੋਨ, ਮੰਗਲਵਾਰ 6 ਅਕਤੂਬਰ ਨੂੰ ਸਿਡਨੀ ਵਿੱਚ ਮਸਨੂਈ ਬੁੱਧੀ ਬਾਰੇ ਸਾਂਝੀ ਚੋਣਵੀਂ ਕਮੇਟੀ ਅੱਗੇ ਪੇਸ਼ ਹੋਣ ਲਈ OpenAI ਦੇ ਅਮਰੀਕੀ ਮੁੱਖ ਦਫ਼ਤਰ ਤੋਂ ਆਉਣਗੇ. ਉਹ ਇਸ ਬਾਰੇ ਸਵਾਲਾਂ ਦੇ ਜਵਾਬ ਦੇਣਗੇ ਕਿ ਸਾਨੂੰ ਕੀ ਪਤਾ ਹੈ, ਅਸੀਂ ਕਿਵੇਂ ਪ੍ਰਤੀਕਿਰਿਆ ਦਿੱਤੀ, ਕੀ ਕਦਮ ਚੁੱਕੇ ਅਤੇ ਅੱਗੇ ਬਿਹਤਰ ਕਿਵੇਂ ਕਰਾਂਗੇ.

ਅਸੀਂ ਪ੍ਰਭਾਵਿਤ ਏਜੰਸੀਆਂ ਅਤੇ ਸੰਬੰਧਿਤ ਸਰਕਾਰਾਂ ਨਾਲ ਪੁਸ਼ਟੀ ਕੀਤੇ ਨਤੀਜੇ ਸਾਂਝੇ ਕਰਦੇ ਰਹਾਂਗੇ. ਅਸੀਂ ਆਪਣੀ ਜਾਰੀ ਸਮੀਖਿਆ ਅਤੇ ਇਨ੍ਹਾਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਦੀ ਪ੍ਰਗਤੀ ਬਾਰੇ ਤਾਜ਼ਾ ਜਾਣਕਾਰੀ ਪ੍ਰਕਾਸ਼ਿਤ ਕਰਾਂਗੇ. ਅਸੀਂ ਜਾਣਦੇ ਹਾਂ ਕਿ ਭਰੋਸਾ ਮੁੜ ਜਿੱਤਣ ਲਈ ਸਾਨੂੰ ਅਜੇ ਬਹੁਤ ਕੰਮ ਕਰਨਾ ਪਵੇਗਾ. ਆਸਟ੍ਰੇਲੀਆ ਦੇ ਲੋਕਾਂ ਨੂੰ ਇਹ ਦਿਖਾਉਣਾ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਾਰਥਕ ਬਦਲਾਅ ਕਰ ਰਹੇ ਹਾਂ ਅਤੇ ਆਪਣੇ ਵਾਅਦੇ ਨਿਭਾ ਰਹੇ ਹਾਂ.

ਲੇਖਕ

OpenAI