OpenAI

AI ਅਤੇ ਬੱਚਿਆਂ ਦੀ ਸੁਰੱਖਿਆ ਬਾਰੇ ਖੋਜ ਵਿੱਚ ਸਹਾਇਤਾ

ਬੱਚਿਆਂ 'ਤੇ AI ਦੇ ਪ੍ਰਭਾਵ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਉਨ੍ਹਾਂ ਦੀ ਸੁਰੱਖਿਆ ਤੇ ਭਲਾਈ ਨੂੰ ਸਮਰਥਨ ਦੇਣ ਦੇ ਵਿਸ਼ਵ ਪੱਧਰੀ ਯਤਨ ਤਹਿਤ OpenAI ਨੇ 20 ਲੱਖ ਡਾਲਰ ਦੇਣ ਦਾ ਵਾਅਦਾ ਕੀਤਾ ਹੈ.

ਇਸ ਹਫ਼ਤੇ ਦੇ ਸ਼ੁਰੂ ਵਿੱਚ, Paris Peace Forum ਵਿਖੇ OpenAI ਨੇ ਬੱਚਿਆਂ ਲਈ ਵਧੇਰੇ ਸੁਰੱਖਿਅਤ AI ਸੰਬੰਧੀ ਵਚਨਬੱਧਤਾ ਦੇ ਚਾਰਟਰ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) 'ਤੇ ਦਸਤਖ਼ਤ ਕੀਤੇ ਅਤੇ AI ਦੇ ਯੁੱਗ ਵਿੱਚ ਬੱਚਿਆਂ ਦੇ ਅਧਿਕਾਰਾਂ ਅਤੇ ਸੁਰੱਖਿਆ ਲਈ ਗਠਜੋੜ ਦੇ ਤਹਿਤ ਵਿਗਿਆਨਕ ਖੋਜ ਨੈੱਟਵਰਕ ਨੂੰ ਸਮਰਥਨ ਦੇਣ ਲਈ 20 ਲੱਖ ਡਾਲਰ ਦੇਣ ਦੀ ਵਚਨਬੱਧਤਾ ਪ੍ਰਗਟਾਈ.

ਇਹ ਨੌਜਵਾਨਾਂ ਦੀ AI ਸੁਰੱਖਿਆ ਲਈ ਵਿਸ਼ਵਵਿਆਪੀ ਮਿਆਰ ਸਥਾਪਤ ਕਰਨ ਦੀ ਸਾਡੀ ਅਪੀਲ ਨੂੰ ਅੱਗੇ ਵਧਾਉਂਦਾ ਹੈ. ਇਸ ਦੇ ਨਾਲ ਹੀ, ਸਾਂਝੇ ਸਬੂਤਾਂ ਨੂੰ ਅਮਲੀ ਸੁਰੱਖਿਆ ਉਪਾਵਾਂ ਵਿੱਚ ਬਦਲਣ ਲਈ ਸਰਕਾਰਾਂ, ਖੋਜਕਰਤਾਵਾਂ, ਸਿਵਲ ਸੋਸਾਇਟੀ ਅਤੇ ਉਦਯੋਗ ਜਗਤ ਵਿਚਕਾਰ ਨਿਰੰਤਰ ਸਹਿਯੋਗ ਨੂੰ ਵੀ ਉਤਸ਼ਾਹਿਤ ਕਰਦਾ ਹੈ.

ਸਾਡਾ ਯੋਗਦਾਨ ਸਾਂਝੇ ਮਾਪ-ਮੁਲਾਂਕਣ ਦੇ ਕੰਮ ਨੂੰ ਸਮਰਥਨ ਦਿੰਦਾ ਹੈ, ਜਿਸ ਤਹਿਤ ਅਜਿਹੇ ਟੂਲ ਵਿਕਸਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਵਰਤੋਂ ਖੋਜਕਰਤਾ ਬੱਚਿਆਂ ਲਈ AI ਦੇ ਜੋਖਮਾਂ ਅਤੇ ਮੌਕਿਆਂ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਮਾਪਣ ਲਈ ਕਰ ਸਕਦੇ ਹਨ. ਇਸ ਨਾਲ ਵਧੇਰੇ ਸੁਰੱਖਿਅਤ ਪ੍ਰੋਡਕਟ ਅਤੇ ਬਿਹਤਰ ਨੀਤੀਆਂ ਬਣਾਉਣ ਵਿੱਚ ਮਦਦ ਮਿਲੇਗੀ.

ਇਹ ਚਾਰਟਰ ਸੁਰੱਖਿਅਤ ਅਤੇ ਉਮਰ ਦੇ ਅਨੁਕੂਲ AI ਲਈ ਸਾਂਝੇ ਸਿਧਾਂਤ ਨਿਰਧਾਰਤ ਕਰਦਾ ਹੈ. ਇਸ ਦੇ ਨਾਲ ਹੀ, ਇਹ ਇੱਕ ਖੋਜ ਪ੍ਰੋਗਰਾਮ ਅਤੇ ਇਸ ਦੀ ਸੁਤੰਤਰਤਾ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਉਪਾਵਾਂ ਦੀ ਰੂਪਰੇਖਾ ਵੀ ਪੇਸ਼ ਕਰਦਾ ਹੈ. ਖੋਜ ਟੀਮਾਂ ਆਪਣੇ ਨਤੀਜਿਆਂ ਬਾਰੇ ਫੈਸਲੇ ਲੈਣ ਲਈ ਸੁਤੰਤਰ ਰਹਿਣਗੀਆਂ ਅਤੇ ਸਾਰੇ ਨਤੀਜੇ ਪ੍ਰਕਾਸ਼ਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਨਕਾਰਾਤਮਕ ਜਾਂ ਅਨਿਰਣਾਇਕ ਨਤੀਜੇ ਵੀ ਸ਼ਾਮਲ ਹੋਣਗੇ.

ਇਹ ਕੰਮ ਅਜਿਹੇ ਸਬੂਤ ਇਕੱਠੇ ਕਰਨ ਵਿੱਚ ਮਦਦ ਕਰੇਗਾ ਜੋ ਨੌਜਵਾਨਾਂ ਲਈ AI ਦੇ ਲਾਭਾਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਸੁਰੱਖਿਆ ਅਤੇ ਵਿਕਾਸ ਲਈ ਪੈਦਾ ਹੋਣ ਵਾਲੇ ਜੋਖਮਾਂ ਨਾਲ ਨਜਿੱਠਣ ਲਈ ਲੋੜੀਂਦੇ ਹਨ. ਇਹ ਨੌਜਵਾਨਾਂ ਦੀ AI ਸੁਰੱਖਿਆ ਲਈ ਵਿਆਪਕ ਕਾਨੂੰਨ ਨੂੰ ਦਿੱਤੇ ਸਾਡੇ ਸਮਰਥਨ ਨੂੰ ਅੱਗੇ ਵਧਾਉਂਦਾ ਹੈ. ਅਜਿਹਾ ਕਾਨੂੰਨ ਮਜ਼ਬੂਤ ਅਤੇ ਲਾਗੂ ਕਰਵਾਏ ਜਾ ਸਕਣ ਵਾਲੇ ਸੁਰੱਖਿਆ ਉਪਾਅ ਤੈਅ ਕਰਦਾ ਹੈ, ਨਾਲ ਹੀ ਸਿੱਖਣ, ਰਚਨਾਤਮਕਤਾ ਅਤੇ ਮੌਕੇ ਹਾਸਲ ਕਰਨ ਦੇ ਟੂਲਾਂ ਤੱਕ ਪਹੁੰਚ ਬਰਕਰਾਰ ਰੱਖਦਾ ਹੈ. ਅਜਿਹੇ ਢਾਂਚਿਆਂ ਵਿੱਚ ਉਮਰ ਅਨੁਸਾਰ ਢੁਕਵੇਂ ਸੁਰੱਖਿਆ ਉਪਾਅ ਸ਼ੁਰੂ ਤੋਂ ਹੀ ਲਾਗੂ ਹੋਣੇ ਚਾਹੀਦੇ ਹਨ. ਇਨ੍ਹਾਂ ਵਿੱਚ ਮਾਪਿਆਂ ਲਈ ਟੂਲ, ਜੋਖਮਾਂ ਦਾ ਨਿਯਮਤ ਮੁਲਾਂਕਣ ਅਤੇ ਉਨ੍ਹਾਂ ਨੂੰ ਘਟਾਉਣ ਦੇ ਉਪਾਅ, ਅਤੇ ਅਸਰਦਾਰ ਜਵਾਬਦੇਹੀ ਵੀ ਸ਼ਾਮਲ ਹੋਣੀ ਚਾਹੀਦੀ ਹੈ. ਯੂਰਪੀ ਸੰਘ ਦਾ ਬਾਲ ਕਾਨੂੰਨ ਤਿਆਰ ਹੋਣ ਦੀ ਪ੍ਰਕਿਰਿਆ ਦੌਰਾਨ ਅਸੀਂ ਯੂਰਪੀ ਨੀਤੀ ਨਿਰਮਾਤਾਵਾਂ ਨਾਲ ਜੁੜ ਕੇ ਕੰਮ ਕਰਨ ਲਈ ਉਤਸੁਕ ਹਾਂ. ਅਸੀਂ ਦੁਨੀਆ ਭਰ ਦੇ ਭਾਈਵਾਲਾਂ ਨਾਲ ਮਿਲ ਕੇ ਨੌਜਵਾਨਾਂ ਲਈ ਹੋਰ ਮਜ਼ਬੂਤ ਸੁਰੱਖਿਆ ਅਤੇ ਮੌਕਿਆਂ ਨੂੰ ਅੱਗੇ ਵਧਾਉਣ ਦੀ ਵੀ ਉਮੀਦ ਕਰਦੇ ਹਾਂ.

ਲੇਖਕ

OpenAI