ਮੁੱਖ ਸਮੱਗਰੀ 'ਤੇ ਜਾਓ
OpenAI

8 ਜੂਨ 2026

OpenAI ਆਰਥਿਕ ਖੋਜ ਆਦਾਨ-ਪ੍ਰਦਾਨ ਪ੍ਰੋਗਰਾਮ

ਤਜਵੀਜ਼ਾਂ ਲਈ ਸੱਦਾ

OpenAI ਦੀ ਆਰਥਿਕ ਖੋਜ ਟੀਮ ਅਧਿਐਨ ਕਰਦੀ ਹੈ ਕਿ ਏਆਈ ਕਾਮਿਆਂ, ਕਾਰੋਬਾਰਾਂ, ਸੰਸਥਾਵਾਂ ਅਤੇ ਸਮੁੱਚੀ ਅਰਥਵਿਵਸਥਾ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ. ਇਸ ਲਈ ਅਸੀਂ ਸਖ਼ਤ ਮਿਆਰਾਂ ਵਾਲੀ ਆਰਥਿਕ ਖੋਜ ਨੂੰ ਉਤਪਾਦਾਂ ਅਤੇ ਉਨ੍ਹਾਂ ਦੀ ਵਰਤੋਂ ਦੇ ਅੰਕੜਿਆਂ ਦੇ ਨਿੱਜਤਾ-ਸੁਰੱਖਿਅਤ ਵਿਸ਼ਲੇਸ਼ਣ, ਗਾਹਕਾਂ ਅਤੇ ਸੰਸਥਾਵਾਂ ਨਾਲ ਭਾਈਵਾਲੀ, ਅਤੇ ਬਾਹਰੀ ਖੋਜਕਰਤਾਵਾਂ ਨਾਲ ਸਹਿਯੋਗ ਨਾਲ ਜੋੜਦੇ ਹਾਂ.

ਬਾਹਰੀ ਖੋਜਕਰਤਾਵਾਂ ਨਾਲ ਆਪਣੇ ਸਹਿਯੋਗ ਨੂੰ ਰਸਮੀ ਰੂਪ ਦੇਣ ਅਤੇ ਵਧਾਉਣ ਲਈ ਅਸੀਂ OpenAI ਆਰਥਿਕ ਖੋਜ ਆਦਾਨ-ਪ੍ਰਦਾਨ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ. ਇਹ ਆਦਾਨ-ਪ੍ਰਦਾਨ ਪ੍ਰੋਗਰਾਮ ਏਆਈ ਦੇ ਆਰਥਿਕ ਪ੍ਰਭਾਵਾਂ ਬਾਰੇ ਉੱਚ-ਗੁਣਵੱਤਾ ਵਾਲੀ ਤੱਥ-ਆਧਾਰਿਤ ਖੋਜ ਕਰਨ ਲਈ ਖੋਜਕਰਤਾਵਾਂ ਨਾਲ ਅਜਿਹੇ ਸਹਿਯੋਗ ਨੂੰ ਸਹਾਇਤਾ ਦੇਵੇਗਾ ਜਿਸ ਦਾ ਦਾਇਰਾ ਧਿਆਨ ਨਾਲ ਤੈਅ ਕੀਤਾ ਗਿਆ ਹੋਵੇ.

ਅਸੀਂ ਅਜਿਹੇ ਪ੍ਰੋਜੈਕਟਾਂ ਦੀ ਭਾਲ ਕਰ ਰਹੇ ਹਾਂ ਜੋ ਏਆਈ ਬਾਰੇ ਕਿਸੇ ਮਹੱਤਵਪੂਰਨ ਆਰਥਿਕ ਸਵਾਲ ਤੋਂ ਸ਼ੁਰੂ ਹੋਣ ਅਤੇ ਫਿਰ ਸਪਸ਼ਟ ਦਲੀਲ ਦੇਣ ਕਿ ਵਰਤੋਂਕਾਰਾਂ ਦੀ ਨਿੱਜਤਾ ਬਰਕਰਾਰ ਰੱਖਦੇ ਹੋਏ OpenAI ਦੇ ਸਾਧਨਾਂ ਦੀ ਵਰਤੋਂ ਦੇ ਅੰਕੜੇ ਉਸ ਸਵਾਲ ਨੂੰ ਸਮਝਣ ਲਈ ਇੱਕ ਵਿਲੱਖਣ, ਤੱਥ-ਆਧਾਰਿਤ ਨਜ਼ਰੀਆ ਕਿਵੇਂ ਦੇ ਸਕਦੇ ਹਨ.

ਖੋਜ ਦਾ ਦਾਇਰਾ ਅਤੇ ਮੁੱਖ ਸਵਾਲ

ਅਸੀਂ ਅਜਿਹੀਆਂ ਤਜਵੀਜ਼ਾਂ ਸੱਦਦੇ ਹਾਂ ਜੋ ਹੇਠਾਂ ਦਿੱਤੇ ਮੁੱਖ ਸਵਾਲਾਂ ਵਿੱਚੋਂ ਇੱਕ ਜਾਂ ਵੱਧ ਨੂੰ ਸੰਬੋਧਿਤ ਕਰਨ. ਇਹ ਸੂਚੀ ਸੰਪੂਰਨ ਨਹੀਂ ਹੈ, ਅਤੇ ਅਸੀਂ ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਵਿਆਪਕ ਟੀਚਿਆਂ ਨਾਲ ਮੇਲ ਖਾਂਦੀਆਂ ਮਜ਼ਬੂਤ ਤਜਵੀਜ਼ਾਂ ਦਾ ਸੁਆਗਤ ਕਰਦੇ ਹਾਂ:

  • ਕਿਰਤ ਬਾਜ਼ਾਰ ਉੱਤੇ ਪ੍ਰਭਾਵ: ਏਆਈ ਨਾਲ ਪ੍ਰਭਾਵਿਤ ਹੋ ਸਕਣ ਦੀ ਸੰਭਾਵਨਾ ਤੋਂ ਅੱਗੇ ਵਧ ਕੇ ਅਸੀਂ ਇਹ ਕਿਵੇਂ ਮਾਪ ਸਕਦੇ ਹਾਂ ਕਿ ਮਾਡਲਾਂ ਦੀਆਂ ਸਮਰੱਥਾਵਾਂ ਸੁਧਰਨ ਨਾਲ ਕਿਹੜੇ ਕਿੱਤਿਆਂ ਵਿੱਚ ਅਸਲ ਵਿੱਚ ਕੰਮ ਕਰਨ ਦੀ ਸਮਰੱਥਾ ਵਧਣ, ਕਾਮਿਆਂ ਦੀ ਥਾਂ ਏਆਈ ਲੈਣ, ਨਵੇਂ ਕੰਮ ਬਣਨ ਜਾਂ ਰੁਜ਼ਗਾਰ ਵਧਣ ਦੀ ਸੰਭਾਵਨਾ ਹੈ ਜਾਂ ਇਹ ਤਬਦੀਲੀਆਂ ਪਹਿਲਾਂ ਹੀ ਆ ਰਹੀਆਂ ਹਨ?

  • ਰੁਜ਼ਗਾਰਦਾਤਾਵਾਂ ਦਾ ਵਿਹਾਰ ਅਤੇ ਨੌਕਰੀਆਂ ਦੀ ਬਣਤਰ: ਏਆਈ ਰੁਜ਼ਗਾਰਦਾਤਾਵਾਂ ਦੇ ਵਿਹਾਰ ਨੂੰ ਕਿਵੇਂ ਬਦਲਦੀ ਹੈ—ਜਿਸ ਵਿੱਚ ਭਰਤੀ ਦੀ ਮੰਗ, ਖਾਲੀ ਅਸਾਮੀਆਂ ਦੀਆਂ ਜ਼ਿੰਮੇਵਾਰੀਆਂ ਅਤੇ ਲੋੜਾਂ ਤੈਅ ਕਰਨਾ, ਉਮੀਦਵਾਰਾਂ ਦੀ ਮੁੱਢਲੀ ਛਾਂਟੀ, ਮਿਹਨਤਾਨਾ ਅਤੇ ਟੀਮ ਦੀ ਬਣਤਰ ਸ਼ਾਮਲ ਹਨ—ਅਤੇ ਕੀ ਕਾਰੋਬਾਰ ਏਆਈ ਦੇ ਅਨੁਸਾਰ ਨੌਕਰੀਆਂ ਨੂੰ ਨਵੇਂ ਸਿਰਿਓਂ ਢਾਲਦੇ ਹਨ?

  • ਪਰਿਵਾਰਾਂ ਦੀ ਭਲਾਈ: ਰਸਮੀ ਰੁਜ਼ਗਾਰ ਤੋਂ ਬਾਹਰ ਏਆਈ ਪਰਿਵਾਰਾਂ ਦੀ ਭਲਾਈ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਜਿਸ ਵਿੱਚ ਫ਼ੈਸਲੇ ਲੈਣ, ਸਮੇਂ ਦੀ ਵਰਤੋਂ, ਦੇਖਭਾਲ, ਵਿੱਤੀ ਯੋਜਨਾਬੰਦੀ, ਸਿਹਤ ਸੇਵਾਵਾਂ ਨੂੰ ਸਮਝਣ ਅਤੇ ਹਾਸਲ ਕਰਨ, ਅਤੇ ਰੋਜ਼ਮਰ੍ਹਾ ਦੀ ਆਰਥਿਕ ਖ਼ੁਸ਼ਹਾਲੀ ਉੱਤੇ ਪ੍ਰਭਾਵ ਸ਼ਾਮਲ ਹਨ?

  • ਏਆਈ ਅਤੇ ਸਿੱਖਿਆ: ਅਧਿਆਪਕ ਏਆਈ ਸਾਧਨਾਂ ਦੀ ਵਰਤੋਂ ਕਿਵੇਂ ਕਰ ਰਹੇ ਹਨ ਅਤੇ ਕੀ ਏਆਈ ਕਾਰਨ ਉਨ੍ਹਾਂ ਦੀਆਂ ਭੂਮਿਕਾਵਾਂ ਬਦਲ ਰਹੀਆਂ ਹਨ, ਵਧ ਰਹੀਆਂ ਹਨ ਜਾਂ ਦੋਵੇਂ ਹੋ ਰਹੇ ਹਨ? ਏਆਈ ਨਾਲ ਜਾਣ-ਪਛਾਣ ਹੋਣ ਨਾਲ ਸਿੱਖਣ ਅਤੇ ਪੇਸ਼ੇਵਰ ਜੀਵਨ ਦੀ ਤਿਆਰੀ ਬਾਰੇ ਵਿਦਿਆਰਥੀਆਂ ਦੀਆਂ ਚੋਣਾਂ ਕਿਵੇਂ ਬਦਲਦੀਆਂ ਹਨ? 

  • ਪਹੁੰਚ ਅਤੇ ਲਾਭ ਵਿੱਚ ਅਸਮਾਨਤਾ: ਕਿਨ੍ਹਾਂ ਨੂੰ ਏਆਈ ਦਾ ਲਾਭ ਨਹੀਂ ਮਿਲ ਰਿਹਾ ਅਤੇ ਕਿਉਂ? ਕਿਹੜੀਆਂ ਰੁਕਾਵਟਾਂ ਸਭ ਤੋਂ ਵੱਧ ਮਾਇਨੇ ਰੱਖਦੀਆਂ ਹਨ ਅਤੇ ਉਨ੍ਹਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ?

  • ਛੋਟੇ ਕਾਰੋਬਾਰ ਅਤੇ ਸੁਤੰਤਰ ਕੰਮ: ਏਆਈ ਛੋਟੇ ਕਾਰੋਬਾਰਾਂ, ਸੁਤੰਤਰ ਪੇਸ਼ੇਵਰਾਂ, ਇਕੱਲੇ ਮਾਲਕਾਂ ਵਾਲੇ ਕਾਰੋਬਾਰਾਂ, ਸਿਰਜਣਹਾਰਾਂ ਅਤੇ ਸੁਤੰਤਰ ਜਾਂ ਗ਼ੈਰ-ਰਸਮੀ ਆਰਥਿਕ ਸਰਗਰਮੀ ਦੇ ਹੋਰ ਰੂਪਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?

  • ਜਨਤਕ ਖੇਤਰ ਅਤੇ ਨਾਗਰਿਕ ਜੀਵਨ: ਜਨਤਕ ਖੇਤਰ ਅਤੇ ਨਾਗਰਿਕ ਜੀਵਨ ਵਿੱਚ ਏਆਈ ਦੇ ਕੀ ਆਰਥਿਕ ਪ੍ਰਭਾਵ ਹਨ, ਜਿਸ ਵਿੱਚ ਜਨਤਕ ਖੇਤਰ ਦੀ ਉਤਪਾਦਕਤਾ, ਭਲਾਈ ਲਾਭਾਂ ਤੱਕ ਪਹੁੰਚ, ਸਿੱਖਿਆ ਪ੍ਰਸ਼ਾਸਨ, ਰੁਜ਼ਗਾਰ ਏਜੰਸੀਆਂ, ਪਰਮਿਟ ਜਾਰੀ ਕਰਨਾ, ਕਰ ਪ੍ਰਸ਼ਾਸਨ ਅਤੇ ਜਨਤਕ ਸੇਵਾਵਾਂ ਪ੍ਰਦਾਨ ਕਰਨਾ ਸ਼ਾਮਲ ਹਨ?

  • ਗਿਆਨ ਦੀ ਸਿਰਜਣਾ ਅਤੇ ਨਵੀਨਤਾ: ਏਆਈ ਗਿਆਨ ਦੀ ਸਿਰਜਣਾ ਅਤੇ ਨਵੀਨਤਾ ਨੂੰ ਕਿਵੇਂ ਬਦਲਦੀ ਹੈ, ਜਿਸ ਵਿੱਚ ਵਿਗਿਆਨ, ਖੋਜ ਅਤੇ ਵਿਕਾਸ, ਖੋਜ ਦੀਆਂ ਕਾਰਜ-ਪ੍ਰਕਿਰਿਆਵਾਂ, ਮਾਹਰਾਂ ਦੀ ਉਤਪਾਦਕਤਾ, ਪੇਟੈਂਟ ਅਤੇ ਅਤਿ-ਆਧੁਨਿਕ ਗਿਆਨ ਦਾ ਪ੍ਰਸਾਰ ਸ਼ਾਮਲ ਹਨ?

  • ਬਾਜ਼ਾਰ ਦੀ ਬਣਤਰ: ਏਆਈ ਅਪਣਾਉਣ ਦਾ ਬਾਜ਼ਾਰ ਦੀ ਬਣਤਰ ਉੱਤੇ ਕੀ ਪ੍ਰਭਾਵ ਪੈਂਦਾ ਹੈ, ਜਿਸ ਵਿੱਚ ਕੁਝ ਕੰਪਨੀਆਂ ਕੋਲ ਬਾਜ਼ਾਰੀ ਤਾਕਤ ਦਾ ਕੇਂਦਰੀਕਰਨ, ਕਾਰੋਬਾਰਾਂ ਦੀ ਮੁਕਾਬਲੇਬਾਜ਼ੀ ਵਿੱਚ ਬੜ੍ਹਤ, ਮੰਚਾਂ ਉੱਤੇ ਨਿਰਭਰਤਾ, ਸੌਦੇਬਾਜ਼ੀ ਦੀ ਤਾਕਤ, ਸਪਲਾਇਰਾਂ ਨਾਲ ਸੰਬੰਧ ਅਤੇ ਬਾਜ਼ਾਰ ਵਿੱਚ ਦਾਖ਼ਲੇ ਦੀਆਂ ਰੁਕਾਵਟਾਂ ਸ਼ਾਮਲ ਹਨ?

  • ਮੁੱਲ ਦਾ ਮਾਪ: ਸਾਨੂੰ ਏਆਈ ਦਾ ਆਰਥਿਕ ਮੁੱਲ ਕਿਵੇਂ ਮਾਪਣਾ ਚਾਹੀਦਾ ਹੈ, ਜਿਸ ਵਿੱਚ ਭੁਗਤਾਨ ਕਰਨ ਦੀ ਇੱਛਾ, ਅਸਲ ਚੋਣਾਂ ਤੋਂ ਸਾਹਮਣੇ ਆਉਂਦਾ ਮੁੱਲ, ਹਰੇਕ ਕੰਮ ਵਿੱਚ ਸਮੇਂ ਦੀ ਬੱਚਤ, ਬਚਾਏ ਗਏ ਖ਼ਰਚੇ, ਗੁਣਵੱਤਾ ਨੂੰ ਧਿਆਨ ਵਿੱਚ ਰੱਖ ਕੇ ਮਾਪਿਆ ਉਤਪਾਦਨ ਅਤੇ ਉਤਪਾਦਕਤਾ ਵਿੱਚ ਟਿਕਾਊ ਵਾਧਾ ਸ਼ਾਮਲ ਹਨ?

ਤਜਵੀਜ਼ਾਂ ਇੱਕ ਸਵਾਲ ਉੱਤੇ ਕੇਂਦਰਿਤ ਹੋ ਸਕਦੀਆਂ ਹਨ ਜਾਂ ਸੰਬੰਧਿਤ ਸਵਾਲਾਂ ਨੂੰ ਜੋੜ ਸਕਦੀਆਂ ਹਨ. ਜਿੱਥੇ ਖੋਜ ਦਾ ਸਵਾਲ ਕਾਰਨ-ਅਤੇ-ਪ੍ਰਭਾਵ ਬਾਰੇ ਦਾਅਵਿਆਂ ਦੀ ਮੰਗ ਕਰਦਾ ਹੈ, ਉੱਥੇ ਅਸੀਂ ਅਜਿਹੀਆਂ ਖੋਜ ਯੋਜਨਾਵਾਂ ਨੂੰ ਜ਼ੋਰਦਾਰ ਉਤਸ਼ਾਹ ਦਿੰਦੇ ਹਾਂ ਜੋ ਸਿਰਫ਼ ਸਹਿ-ਸੰਬੰਧਾਂ ਦਾ ਵਰਣਨ ਕਰਨ ਤੋਂ ਅੱਗੇ ਵਧ ਕੇ ਕਾਰਨ-ਅਤੇ-ਪ੍ਰਭਾਵ ਦੇ ਸੰਬੰਧਾਂ ਦੀ ਭਰੋਸੇਯੋਗ ਪਛਾਣ ਕਰਨ.

ਪ੍ਰੋਜੈਕਟਾਂ ਦੀ ਸਮਾਂ-ਸੀਮਾ ਅਤੇ ਵੱਖ-ਵੱਖ ਪ੍ਰੋਜੈਕਟਾਂ ਨੂੰ ਸਹਾਇਤਾ ਦੇਣ ਦੀ ਪਹੁੰਚ

ਅਸੀਂ ਜਾਣ-ਬੁੱਝ ਕੇ ਵੱਖ-ਵੱਖ ਮਿਆਦਾਂ ਵਾਲੇ ਪ੍ਰੋਜੈਕਟਾਂ ਦੇ ਸਮੂਹ ਨੂੰ ਸਹਾਇਤਾ ਦੇ ਰਹੇ ਹਾਂ:

  • ਥੋੜ੍ਹੀ ਮਿਆਦ (2-6 ਮਹੀਨੇ): ਸ਼ੁਰੂਆਤੀ ਸੰਕੇਤ ਪ੍ਰਾਪਤ ਕਰਨ ਲਈ ਮੌਜੂਦਾ ਮਨਜ਼ੂਰਸ਼ੁਦਾ ਅੰਕੜਿਆਂ, ਜਨਤਕ ਅੰਕੜਿਆਂ ਜਾਂ ਭਾਈਵਾਲਾਂ ਤੋਂ ਮਿਲੇ ਸਪਸ਼ਟ ਦਾਇਰੇ ਵਾਲੇ ਅੰਕੜਿਆਂ ਦੀ ਵਰਤੋਂ ਕਰਨ ਵਾਲੇ ਤੇਜ਼ੀ ਨਾਲ ਮੁਕੰਮਲ ਹੋਣ ਵਾਲੇ ਅਧਿਐਨ.

  • ਦਰਮਿਆਨੀ ਮਿਆਦ (6-12 ਮਹੀਨੇ): ਅਜਿਹੇ ਅਧਿਐਨ ਜੋ ਸਮੇਂ ਦੇ ਨਾਲ ਨਤੀਜਿਆਂ ਉੱਤੇ ਨਜ਼ਰ ਰੱਖਣ, ਖ਼ਾਸ ਦਖ਼ਲਾਂ ਦੀ ਪਰਖ ਕਰਨ ਜਾਂ ਅਰਧ-ਪ੍ਰਯੋਗਾਤਮਕ ਹਾਲਾਤ ਵਿੱਚ ਮਿਲਦੇ ਫ਼ਰਕਾਂ ਦਾ ਲਾਭ ਲੈਣ.

ਬਿਨੈਕਾਰਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਤਜਵੀਜ਼ ਕਿਹੜੀ ਸਮਾਂ-ਸੀਮਾ ਲਈ ਹੈ ਅਤੇ ਅਧਿਐਨ ਅਧੀਨ ਸਵਾਲ ਲਈ ਉਹ ਮਿਆਦ ਢੁਕਵੀਂ ਕਿਉਂ ਹੈ.

ਵਿੱਤੀ ਅਤੇ ਖੋਜ ਸਹਾਇਤਾ ਦਾ ਢਾਂਚਾ

ਹਰੇਕ ਚੁਣੇ ਗਏ ਪ੍ਰੋਜੈਕਟ ਨੂੰ ਇਹ ਮਿਲੇਗਾ:

  • ਮੁੱਖ ਖੋਜਕਰਤਾ ਜਾਂ ਖੋਜਕਰਤਾਵਾਂ ਲਈ ਇੱਕ ਵਾਰ ਦੀ ਖੋਜ ਗ੍ਰਾਂਟ: $25,000

  • ਖੋਜ ਸਹਾਇਕ ਲਈ ਮਹੀਨਾਵਾਰ ਵਜ਼ੀਫ਼ਾ ਜਾਂ ਠੇਕੇ ਉੱਤੇ ਕੰਮ ਕਰਨ ਵਾਲੇ ਦਾ ਮਿਹਨਤਾਨਾ: $7,500

  • ਗੁਪਤਤਾ ਸਮਝੌਤੇ ਅਧੀਨ ਉਤਪਾਦਾਂ ਅਤੇ ਉਨ੍ਹਾਂ ਦੀ ਵਰਤੋਂ ਦੇ ਮਨਜ਼ੂਰਸ਼ੁਦਾ, ਨਿੱਜਤਾ-ਸੁਰੱਖਿਅਤ ਅੰਕੜਿਆਂ ਤੱਕ ਪਹੁੰਚ, ਜੋ ਅੰਕੜਿਆਂ ਦੇ ਪ੍ਰਬੰਧਨ, ਨਿੱਜਤਾ, ਕਾਨੂੰਨੀ ਅਤੇ ਸੁਰੱਖਿਆ ਲੋੜਾਂ ਦੇ ਅਧੀਨ ਹੋਵੇਗੀ.

  • ਪ੍ਰੋਜੈਕਟ ਦਾ ਦਾਇਰਾ ਤੈਅ ਕਰਨ, ਸ਼ੁਰੂਆਤੀ ਤਿਆਰੀ, ਅੰਕੜਿਆਂ ਦੀਆਂ ਮਨਜ਼ੂਰੀਆਂ, ਸਮੀਖਿਆ ਅਤੇ ਨਤੀਜਿਆਂ ਦੇ ਪ੍ਰਸਾਰ ਲਈ ਅੰਦਰੂਨੀ ਸਹਾਇਤਾ ਦੀ ਨਿਰਧਾਰਤ ਪ੍ਰਕਿਰਿਆ.

ਇਹ ਢਾਂਚਾ ਤਾਲਮੇਲ ਦੇ ਖ਼ਰਚੇ ਘਟਾਉਣ, ਕੰਮ ਤੇਜ਼ੀ ਨਾਲ ਪੂਰਾ ਕਰਨ ਅਤੇ ਪ੍ਰੋਜੈਕਟ ਨੂੰ ਅਮਲ ਵਿੱਚ ਲਿਆਉਣਾ ਸੰਭਵ ਬਣਾਉਂਦੇ ਹੋਏ ਖੋਜਕਰਤਾਵਾਂ ਦੀ ਸੁਤੰਤਰਤਾ ਬਰਕਰਾਰ ਰੱਖਣ ਲਈ ਤਿਆਰ ਕੀਤਾ ਗਿਆ ਹੈ. ਬਾਹਰੀ ਸਹਿਯੋਗਾਂ ਲਈ ਵਿਹਾਰਕ ਵਿਸ਼ਲੇਸ਼ਣ ਮਹਿਮਾਨ ਖੋਜਕਰਤਾ ਜਾਂ ਉਨ੍ਹਾਂ ਦੇ ਖੋਜ ਸਹਾਇਕ ਨੂੰ ਖ਼ੁਦ ਕਰਨਾ ਹੋਵੇਗਾ. ਪ੍ਰੋਜੈਕਟ ਦੀਆਂ ਖ਼ਾਸ ਲੋੜਾਂ ਅਨੁਸਾਰ ਅੰਕੜੇ ਕਢਵਾਉਣ ਜਾਂ ਵਿਸ਼ਲੇਸ਼ਣ ਕਰਵਾਉਣ ਲਈ ਆਰਥਿਕ ਖੋਜ ਟੀਮ ਉੱਤੇ ਨਿਰਭਰ ਨਹੀਂ ਕੀਤਾ ਜਾ ਸਕਦਾ.

ਉਮੀਦਾਂ ਅਤੇ ਤਿਆਰ ਕੀਤੀ ਜਾਣ ਵਾਲੀ ਸਮੱਗਰੀ

ਵਿੱਤੀ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਵਿੱਚ ਸਿਰਫ਼ ਅੰਤਿਮ ਖੋਜ-ਪੱਤਰ ਹੀ ਨਹੀਂ, ਸਗੋਂ ਵਿਚਕਾਰਲੇ ਪੜਾਵਾਂ ਦੇ ਸਪਸ਼ਟ ਟੀਚੇ ਵੀ ਹੋਣੇ ਲਾਜ਼ਮੀ ਹਨ. ਖੋਜਕਰਤਾਵਾਂ ਤੋਂ ਘੱਟੋ-ਘੱਟ ਇਹ ਉਮੀਦ ਕੀਤੀ ਜਾਵੇਗੀ ਕਿ ਉਹ:

  • ਪ੍ਰੋਜੈਕਟ ਦੀ ਸਮਾਂ-ਸੀਮਾ ਨਾਲ ਜੁੜੇ ਮੁੱਖ ਪੜਾਅ ਤੈਅ ਕਰਨ, ਜਿਵੇਂ ਖੋਜ ਯੋਜਨਾ ਨੂੰ ਅੰਤਿਮ ਰੂਪ ਦੇਣਾ, ਅੰਕੜਿਆਂ ਤੱਕ ਪਹੁੰਚ, ਅੰਤਰਿਮ ਵਿਸ਼ਲੇਸ਼ਣ ਅਤੇ ਨਤੀਜਿਆਂ ਦਾ ਖਰੜਾ.

  • ਵਿਸ਼ਲੇਸ਼ਣ ਸ਼ੁਰੂ ਹੋਣ ਤੋਂ ਪਹਿਲਾਂ ਸ਼ੁਰੂਆਤੀ ਤਿਆਰੀ, ਇਕਰਾਰਨਾਮੇ ਅਤੇ ਅੰਕੜਿਆਂ ਤੱਕ ਮਨਜ਼ੂਰਸ਼ੁਦਾ ਪਹੁੰਚ ਦੇ ਕਦਮ ਪੂਰੇ ਕਰਨ.

  • ਵਿਚਕਾਰਲੇ ਪੜਾਵਾਂ ਦੀਆਂ ਲੱਭਤਾਂ OpenAI ਦੀ ਆਰਥਿਕ ਖੋਜ ਟੀਮ ਨਾਲ ਸਾਂਝੀਆਂ ਕਰਨ.

  • ਸਮੇਂ-ਸਮੇਂ ਉੱਤੇ ਖੋਜ ਨਤੀਜਿਆਂ ਦੀਆਂ ਪੇਸ਼ਕਾਰੀਆਂ ਜਾਂ ਸਹਿਯੋਗੀ ਸਮੂਹ ਦੀਆਂ ਚਰਚਾਵਾਂ ਵਿੱਚ ਹਿੱਸਾ ਲੈਣ.

  • ਘੱਟੋ-ਘੱਟ ਇੱਕ ਲਿਖਤੀ ਸਮੱਗਰੀ ਤਿਆਰ ਕਰਨ, ਜਿਵੇਂ ਸੰਖੇਪ ਨੋਟ, ਕਾਰਜਕਾਰੀ ਖੋਜ-ਪੱਤਰ, ਪ੍ਰਕਾਸ਼ਨ ਦਾ ਖਰੜਾ, ਜਨਤਕ ਸਾਰ, ਤੁਲਨਾਤਮਕ ਮਾਪਦੰਡ ਜਾਂ ਅੰਕੜਾ-ਸੰਗ੍ਰਹਿ ਦੇ ਦਸਤਾਵੇਜ਼.

  • OpenAI ਦੀ ਸਹਿਮਤੀ ਨਾਲ ਤੈਅ ਕੀਤੀ ਸਮੀਖਿਆ ਪ੍ਰਕਿਰਿਆ ਰਾਹੀਂ ਬਾਹਰੀ ਸੰਚਾਰ ਜਾਂ ਪ੍ਰਕਾਸ਼ਨ ਦਾ ਤਾਲਮੇਲ ਕਰਨ.

ਅਸੀਂ ਅਜਿਹੇ ਕੰਮ ਨੂੰ ਤਰਜੀਹ ਦੇ ਰਹੇ ਹਾਂ ਜਿਸ ਰਾਹੀਂ ਸਬੂਤ, ਸੰਸਥਾ ਅੰਦਰਲੀ ਸਿੱਖਿਆ ਅਤੇ ਆਰਥਿਕ ਖੋਜ ਜਗਤ ਇੱਕ-ਦੂਜੇ ਨੂੰ ਲਗਾਤਾਰ ਅਤੇ ਨੇੜਿਓਂ ਜਾਣਕਾਰੀ ਦੇਣ ਤੇ ਸੁਧਾਰਨ.

ਤਜਵੀਜ਼ਾਂ ਦਾ ਮੁਲਾਂਕਣ ਕਿਵੇਂ ਕੀਤਾ ਜਾਵੇਗਾ

ਤਜਵੀਜ਼ਾਂ ਦਾ ਮੁਲਾਂਕਣ ਇਨ੍ਹਾਂ ਆਧਾਰਾਂ ਉੱਤੇ ਕੀਤਾ ਜਾਵੇਗਾ:

  • ਆਰਥਿਕ ਖੋਜ ਟੀਮ ਦੇ ਤਰਜੀਹੀ ਸਵਾਲਾਂ ਨਾਲ ਪ੍ਰਸੰਗਿਕਤਾ

  • ਖੋਜ-ਵਿਧੀ ਦੀ ਵਿਗਿਆਨਕ ਸਖ਼ਤੀ ਅਤੇ ਭਰੋਸੇਯੋਗਤਾ

  • ਪ੍ਰੋਜੈਕਟ ਦੇ ਦਾਇਰੇ, ਅੰਕੜਿਆਂ, ਨਿੱਜਤਾ, ਕਾਨੂੰਨ ਅਤੇ ਸਮਾਂ-ਸੀਮਾ ਦੀਆਂ ਪਾਬੰਦੀਆਂ ਦੇ ਅੰਦਰ ਇਸ ਨੂੰ ਅਮਲ ਵਿੱਚ ਲਿਆਉਣ ਦੀ ਸੰਭਾਵਨਾ (ਮਿਸਾਲ ਵਜੋਂ: ਅਸੀਂ ਕਿਸੇ ਵੀ ਹਾਲਤ ਵਿੱਚ ਗੱਲਬਾਤ ਦੇ ਅੰਕੜੇ ਸਾਂਝੇ ਨਹੀਂ ਕਰਾਂਗੇ)

  • ਮੁੱਖ ਪੜਾਵਾਂ ਅਤੇ ਰਿਪੋਰਟ ਦੇਣ ਦੀਆਂ ਯੋਜਨਾਵਾਂ ਦੀ ਸਪਸ਼ਟਤਾ

  • ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਕੰਮਕਾਜੀ ਢਾਂਚੇ ਨਾਲ ਮੇਲ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਵਿਹਾਰਕ ਕੰਮ ਕੌਣ ਕਰੇਗਾ

  • ਏਆਈ ਦੇ ਆਰਥਿਕ ਪ੍ਰਭਾਵਾਂ ਬਾਰੇ ਭਰੋਸੇਯੋਗ ਬਾਹਰੀ ਸਬੂਤਾਂ ਵਿੱਚ ਯੋਗਦਾਨ ਪਾਉਣ ਦੀ ਸੰਭਾਵਨਾ

  • OpenAI ਦੇ ਮਨਜ਼ੂਰਸ਼ੁਦਾ ਅੰਕੜਿਆਂ ਨੂੰ ਨਵੇਂ ਅਤੇ ਨਿੱਜਤਾ ਦੀ ਰੱਖਿਆ ਕਰਨ ਵਾਲੇ ਤਰੀਕਿਆਂ ਨਾਲ ਵਰਤਣ ਦੀ ਸੰਭਾਵਨਾ

ਅਸੀਂ ਇਨ੍ਹਾਂ ਵੱਲੋਂ ਆਈਆਂ ਤਜਵੀਜ਼ਾਂ ਨੂੰ ਤਰਜੀਹ ਦੇਵਾਂਗੇ: 

  • ਉਹ ਖੋਜਕਰਤਾ ਜਿਨ੍ਹਾਂ ਦੀ ਤਜਵੀਜ਼ ਕੀਤੇ ਖੋਜ ਖੇਤਰਾਂ ਵਿੱਚ ਪਹਿਲਾਂ ਹੀ ਖੋਜ ਪ੍ਰਕਾਸ਼ਿਤ ਹੋ ਚੁੱਕੀ ਹੈ

  • ਉਹ ਖੋਜਕਰਤਾ ਜਿਨ੍ਹਾਂ ਕੋਲ ਅਜਿਹੇ ਵਿਲੱਖਣ ਅੰਕੜਿਆਂ ਤੱਕ ਪਹੁੰਚ ਹੈ ਜੋ ਵੱਡੇ ਟੀਚਿਆਂ ਵਾਲੇ ਸਹਿਯੋਗਾਂ ਨੂੰ ਸੰਭਵ ਬਣਾਉਣ ਵਿੱਚ ਮਦਦ ਕਰਨਗੇ

ਖੋਜ ਦੀ ਸੁਤੰਤਰਤਾ ਅਤੇ ਲੱਭਤਾਂ ਦੀ ਵਰਤੋਂ

ਅਧਿਐਨ ਦੀ ਯੋਜਨਾ ਬਣਾਉਣ ਅਤੇ ਵਿਸ਼ਲੇਸ਼ਣ ਕਰਨ ਵਿੱਚ ਖੋਜਕਰਤਾਵਾਂ ਦੀ ਸੁਤੰਤਰਤਾ ਬਰਕਰਾਰ ਰਹੇਗੀ. ਲੱਭਤਾਂ ਦਾ ਬਾਹਰੀ ਪ੍ਰਕਾਸ਼ਨ ਜਾਂ ਜਨਤਕ ਵਰਤੋਂ OpenAI ਨਾਲ ਤਾਲਮੇਲ ਰਾਹੀਂ ਕੀਤੀ ਜਾਵੇਗੀ, ਤਾਂ ਜੋ ਸਟੀਕਤਾ, ਨਿੱਜਤਾ ਦੀ ਸੁਰੱਖਿਆ, ਕਾਨੂੰਨੀ ਪਾਲਣਾ ਅਤੇ ਢੁਕਵਾਂ ਸੰਦਰਭ ਯਕੀਨੀ ਬਣਾਇਆ ਜਾ ਸਕੇ. ਅਸੀਂ ਭਰੋਸੇਯੋਗ ਮਾਪ ਤੋਂ ਬਿਨਾਂ ਬਾਹਰੀ ਤੌਰ ਉੱਤੇ ਕੋਈ ਦਾਅਵੇ ਨਹੀਂ ਕਰਾਂਗੇ.

ਅਰਜ਼ੀ ਕਿਵੇਂ ਦੇਣੀ ਹੈ

ਤਜਵੀਜ਼ਾਂ ਇਸ ਫ਼ਾਰਮ ਰਾਹੀਂ ਜਮ੍ਹਾਂ ਕਰਵਾਈਆਂ ਜਾਣ ਅਤੇ ਵਾਧੂ ਜਾਣਕਾਰੀ ਇੱਕੋ ਗੂਗਲ ਦਸਤਾਵੇਜ਼ ਦੇ ਲਿੰਕ ਵਜੋਂ ਦਿੱਤੀ ਜਾਵੇ. ਹਵਾਲਿਆਂ ਅਤੇ ਅੰਤਿਕਾਵਾਂ ਤੋਂ ਬਿਨਾਂ ਤਜਵੀਜ਼ ਤਿੰਨ ਸਫ਼ਿਆਂ ਤੋਂ ਵੱਧ ਨਹੀਂ ਹੋਣੀ ਚਾਹੀਦੀ. ਹਰੇਕ ਤਜਵੀਜ਼ ਵਿੱਚ ਇਹ ਸ਼ਾਮਲ ਹੋਣਾ ਚਾਹੀਦਾ ਹੈ:

  • ਖੋਜ ਦਾ ਸਵਾਲ ਜਾਂ ਸਵਾਲ ਅਤੇ ਉਨ੍ਹਾਂ ਪਿੱਛੇ ਪ੍ਰੇਰਣਾ

  • ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਇੱਕ ਜਾਂ ਵੱਧ ਤਰਜੀਹੀ ਸਵਾਲਾਂ ਨਾਲ ਮੇਲ

  • ਤਜਵੀਜ਼ ਕੀਤੀ ਖੋਜ-ਵਿਧੀ ਅਤੇ ਤੱਥ-ਆਧਾਰਿਤ ਜਾਂਚ ਦੀ ਰਣਨੀਤੀ

  • ਅੰਕੜਿਆਂ ਦੀਆਂ ਲੋੜਾਂ, ਜਿਨ੍ਹਾਂ ਵਿੱਚ OpenAI ਦੇ ਸਾਧਨਾਂ ਦੀ ਵਰਤੋਂ ਬਾਰੇ ਉਹ ਖ਼ਾਸ ਮਨਜ਼ੂਰਸ਼ੁਦਾ ਸੰਕੇਤਕ ਸ਼ਾਮਲ ਹੋਵੇ ਜੋ ਏਆਈ ਬਾਰੇ ਵਿਆਪਕ ਸਵਾਲ ਦਾ ਜਵਾਬ ਦੇਣ ਵਿੱਚ ਮਦਦ ਕਰੇਗਾ, ਅਤੇ ਇਹ ਵੇਰਵਾ ਕਿ ਖੋਜ ਯੋਜਨਾ ਨਿੱਜਤਾ ਦੀ ਰੱਖਿਆ ਕਿਵੇਂ ਕਰੇਗੀ

  • ਨਿਰਧਾਰਤ ਸਮਾਂ-ਸੀਮਾ ਅਤੇ ਮੁੱਖ ਪੜਾਅ

  • ਖੋਜ ਟੀਮ ਅਤੇ ਤਜਵੀਜ਼ ਕੀਤੇ ਖੋਜ ਸਹਾਇਕ ਜਾਂ ਮਹਿਮਾਨ ਖੋਜਕਰਤਾ ਦਾ ਵੇਰਵਾ

  • ਸਬੂਤਾਂ, ਸੰਸਥਾ ਅੰਦਰਲੀ ਸਿੱਖਿਆ ਅਤੇ ਮਨਜ਼ੂਰਸ਼ੁਦਾ ਜਨਤਕ ਸੰਚਾਰ ਵਿੱਚ ਉਮੀਦ ਕੀਤੇ ਯੋਗਦਾਨ

  • ਦਾਇਰੇ ਦੀ ਪਰਿਭਾਸ਼ਾ, ਜਿਸ ਵਿੱਚ ਸਪਸ਼ਟ ਹੋਵੇ ਕਿ ਕਿਹੜੇ ਵਿਸ਼ਲੇਸ਼ਣ, ਤਿਆਰ ਕੀਤੀ ਜਾਣ ਵਾਲੀ ਸਮੱਗਰੀ, ਭੂਗੋਲਿਕ ਖੇਤਰ ਅਤੇ ਹਿੱਤਧਾਰਕ ਦਾਇਰੇ ਵਿੱਚ ਆਉਂਦੇ ਹਨ ਅਤੇ ਕਿਹੜੇ ਨਹੀਂ

  • ਸਫ਼ਲਤਾ ਦੇ ਮਾਪਦੰਡ, ਅਸਫ਼ਲਤਾ ਮੰਨਣ ਦੀਆਂ ਸਥਿਤੀਆਂ, ਨਿਰਭਰਤਾਵਾਂ, ਪਾਬੰਦੀਆਂ ਅਤੇ ਸਰੋਤ ਮੁਹੱਈਆ ਕਰਵਾਉਣ ਦੀਆਂ ਵਚਨਬੱਧਤਾਵਾਂ

ਸਮਾਂ-ਸਾਰਣੀ

  • ਤਜਵੀਜ਼ਾਂ ਦਾ ਸੱਦਾ ਜਾਰੀ: 8 ਜੂਨ, 2026

  • ਤਜਵੀਜ਼ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਾਰੀਖ਼: 5 ਜੁਲਾਈ, 2026

  • ਤਜਵੀਜ਼ਾਂ ਬਾਰੇ ਫ਼ੈਸਲਿਆਂ ਦਾ ਐਲਾਨ: 31 ਜੁਲਾਈ, 2026

ਬੇਦਾਅਵਾ: ਤਜਵੀਜ਼ਾਂ ਲਈ ਇਹ ਸੱਦਾ ਸਿਰਫ਼ ਜਾਣਕਾਰੀ ਅਤੇ ਮੁਲਾਂਕਣ ਦੇ ਉਦੇਸ਼ਾਂ ਲਈ ਦਿੱਤਾ ਗਿਆ ਹੈ ਅਤੇ ਇਸ ਨਾਲ OpenAI ਜਾਂ ਕਿਸੇ ਵੀ ਬਿਨੈਕਾਰ ਉੱਤੇ ਕੋਈ ਬੰਧਨਕਾਰੀ ਜ਼ਿੰਮੇਵਾਰੀ ਨਹੀਂ ਬਣਦੀ. ਇੱਥੇ ਦੱਸੀਆਂ ਸਾਰੀਆਂ ਸ਼ਰਤਾਂ ਮੁੱਢਲੀਆਂ ਹਨ ਅਤੇ ਬਦਲ ਸਕਦੀਆਂ ਹਨ. ਤਜਵੀਜ਼ ਜਮ੍ਹਾਂ ਕਰਵਾਉਣ ਜਾਂ OpenAI ਆਰਥਿਕ ਖੋਜ ਆਦਾਨ-ਪ੍ਰਦਾਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਚੁਣੇ ਜਾਣ ਨਾਲ ਵਿੱਤੀ ਸਹਾਇਤਾ, ਮਿਹਨਤਾਨੇ ਜਾਂ ਕੰਮ ਲਈ ਨਿਯੁਕਤੀ ਦਾ ਕੋਈ ਹੱਕ ਨਹੀਂ ਬਣਦਾ. ਅਜਿਹੀਆਂ ਜ਼ਿੰਮੇਵਾਰੀਆਂ ਸਿਰਫ਼ OpenAI ਅਤੇ ਚੁਣੀ ਗਈ ਧਿਰ ਵਿਚਕਾਰ ਅੰਤਿਮ ਲਿਖਤੀ ਸਮਝੌਤਾ ਸਹੀਬੱਧ ਹੋਣ ਉੱਤੇ ਹੀ ਬਣਨਗੀਆਂ. 

ਲੇਖਕ

OpenAI