OpenAI ਮਾਰਕੀਟਪਲੇਸ ਗਾਹਕ ਪ੍ਰੋਗਰਾਮ ਦੀਆਂ ਸ਼ਰਤਾਂ
OpenAI ਮਾਰਕੀਟਪਲੇਸ ਪ੍ਰੋਗਰਾਮ (“ਮਾਰਕੀਟਪਲੇਸ ਪ੍ਰੋਗਰਾਮ”) OpenAI ਦੇ ਗਾਹਕਾਂ (ਹਰੇਕ, “ਗਾਹਕ”) ਨੂੰ OpenAI ਮਾਰਕੀਟਪਲੇਸ (“ਮਾਰਕੀਟਪਲੇਸ”) 'ਤੇ ਭਾਗ ਲੈਣ ਵਾਲੇ ਤੀਜੀ-ਧਿਰ ਪ੍ਰਦਾਤਾਵਾਂ (“ਭਾਈਵਾਲਾਂ”) ਤੋਂ ਮਨਜ਼ੂਰਸ਼ੁਦਾ ਤੀਜੀ-ਧਿਰ ਦੇ ਪ੍ਰੋਡਕਟਾਂ ਜਾਂ ਸੇਵਾਵਾਂ (ਹਰੇਕ, “ਯੋਗ ਭਾਈਵਾਲ ਪ੍ਰੋਡਕਟ”) ਖਰੀਦਣ ਦੀ ਸਹੂਲਤ ਦਿੰਦਾ ਹੈ. ਇਹਨਾਂ ਸ਼ਰਤਾਂ ਦੇ ਅਧੀਨ, ਮਾਰਕੀਟਪਲੇਸ ਪ੍ਰੋਗਰਾਮ ਰਾਹੀਂ ਕੀਤੀਆਂ ਗਈਆਂ ਖਰੀਦਾਂ ਨੂੰ ਲਾਗੂ OpenAI ਆਰਡਰ ਫਾਰਮ ਵਿੱਚ ਦਰਸਾਈ ਗਈ ਗਾਹਕ ਦੀ ਵਚਨਬੱਧਤਾ ਰਕਮ ਪੂਰੀ ਕਰਨ ਲਈ ਗਿਣਿਆ ਜਾ ਸਕਦਾ ਹੈ. ਗਾਹਕ ਹਰੇਕ ਯੋਗ ਭਾਈਵਾਲ ਪ੍ਰੋਡਕਟ ਨੂੰ ਸੰਬੰਧਿਤ ਭਾਈਵਾਲ ਨਾਲ ਇੱਕ ਵੱਖਰੇ ਇਕਰਾਰਨਾਮੇ ਅਧੀਨ ਖਰੀਦਦਾ ਹੈ. ਇਹ ਸ਼ਰਤਾਂ ਗਾਹਕ ਦੇ ਲਾਗੂ OpenAI ਆਰਡਰ ਫਾਰਮ ਨੂੰ ਨਿਯੰਤਰਿਤ ਕਰਨ ਵਾਲੇ ਇਕਰਾਰਨਾਮੇ ਦੀਆਂ ਪੂਰਕ ਹਨ, ਜਿਸ ਨੂੰ ਉਸ OpenAI ਆਰਡਰ ਫਾਰਮ ਨਾਲ ਮਿਲਾ ਕੇ (“OpenAI ਇਕਰਾਰਨਾਮਾ”) ਕਿਹਾ ਗਿਆ ਹੈ.
ਯੋਗਤਾ ਅਤੇ ਘੱਟੋ-ਘੱਟ ਵਚਨਬੱਧਤਾ ਰਕਮਾਂ. ਮਾਰਕੀਟਪਲੇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ, ਗਾਹਕ ਕੋਲ ਸਿੱਧੇ OpenAI ਨਾਲ ਇੱਕ ਆਰਡਰ ਫਾਰਮ (ਇੱਕ “OpenAI ਆਰਡਰ ਫਾਰਮ”) ਹੋਣਾ ਲਾਜ਼ਮੀ ਹੈ ਜਿਸ ਵਿੱਚ ਘੱਟੋ-ਘੱਟ US$1,000,000 ਦੀ ਵਚਨਬੱਧਤਾ ਰਕਮ ਦਰਸਾਈ ਗਈ ਹੋਵੇ, ਜਦੋਂ ਤੱਕ OpenAI ਲਿਖਤੀ ਰੂਪ ਵਿੱਚ, ਈਮੇਲ ਰਾਹੀਂ ਵੀ, ਕਿਸੇ ਹੋਰ ਵਿਵਸਥਾ ਲਈ ਸਹਿਮਤ ਨਾ ਹੋਵੇ. “ਵਚਨਬੱਧਤਾ ਰਕਮ” ਦਾ ਅਰਥ ਲਾਗੂ OpenAI ਆਰਡਰ ਫਾਰਮ ਵਿੱਚ “ਵਚਨਬੱਧਤਾ ਰਕਮ” ਦੇ ਅਧੀਨ ਦਰਸਾਈ ਗਈ ਰਕਮ ਹੈ. ਯੋਗ ਭਾਈਵਾਲ ਖਰਚ ਨੂੰ ਕੇਵਲ OpenAI API ਅਤੇ ChatGPT/Codex ਸੇਵਾਵਾਂ ਲਈ ਉਹਨਾਂ ਵਚਨਬੱਧਤਾਵਾਂ ਵਿੱਚ ਹੀ ਜੋੜਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਲਾਗੂ OpenAI ਆਰਡਰ ਫਾਰਮ ਜਾਂ ਉਸ ਵਿੱਚ ਕੀਤੀ ਕਿਸੇ ਸੋਧ ਵਿੱਚ ਸਪਸ਼ਟ ਤੌਰ 'ਤੇ ਯੋਗ ਵਜੋਂ ਦਰਸਾਇਆ ਗਿਆ ਹੋਵੇ.
ਯੋਗ ਭਾਈਵਾਲ ਖਰਚ. “ਯੋਗ ਭਾਈਵਾਲ ਖਰਚ” ਦਾ ਅਰਥ ਹੈ ਉਹ ਰਕਮ ਜੋ ਗਾਹਕ ਯੋਗ ਭਾਈਵਾਲ ਪ੍ਰੋਡਕਟ ਲਈ ਅਸਲ ਵਿੱਚ ਅਦਾ ਕਰਦਾ ਹੈ, ਜਿਸ ਵਿੱਚੋਂ ਛੋਟਾਂ, ਰੀਬੇਟ, ਕ੍ਰੈਡਿਟ, ਰਿਫੰਡ ਅਤੇ ਵਾਪਸ ਹੋਏ ਭੁਗਤਾਨਾਂ ਦੀ ਰਕਮ ਘਟਾਈ ਜਾਂਦੀ ਹੈ, ਅਤੇ ਜੋ ਹੇਠਾਂ ਦਿੱਤੇ ਸਮੇਂ ਸੰਬੰਧੀ ਨਿਯਮਾਂ ਦੇ ਅਧੀਨ ਹੈ. ਕਰ, ਬੈਂਕ ਅਤੇ ਵਿੱਤੀ ਸਹਾਇਤਾ ਸੰਬੰਧੀ ਖਰਚੇ, ਜੁਰਮਾਨੇ, ਅਤੇ ਡਾਟਾ, ਪੇਸ਼ੇਵਰ ਸੇਵਾਵਾਂ, ਸਹਾਇਤਾ ਜਾਂ ਹੋਰ ਗੈਰ-ਮਨਜ਼ੂਰਸ਼ੁਦਾ ਪ੍ਰੋਡਕਟਾਂ ਜਾਂ ਸੇਵਾਵਾਂ ਲਈ ਲਏ ਜਾਣ ਵਾਲੇ ਖਰਚੇ ਯੋਗ ਨਹੀਂ ਹਨ. ਗਾਹਕ ਦੀ ਭਾਗੀਦਾਰੀ ਦੀ ਤਾਰੀਖ ਤੋਂ ਪਹਿਲਾਂ ਕੀਤੀਆਂ ਖਰੀਦਾਂ ਯੋਗ ਨਹੀਂ ਹੋਣਗੀਆਂ, ਜਦ ਤੱਕ OpenAI ਉਨ੍ਹਾਂ ਨੂੰ ਮਨਜ਼ੂਰੀ ਨਾ ਦੇਵੇ, ਅਤੇ ਉਹ ਮਨਜ਼ੂਰੀ ਵਿੱਚ ਦਰਸਾਈਆਂ ਕਿਸੇ ਵੀ ਸ਼ਰਤਾਂ ਦੇ ਅਧੀਨ ਹੋਣ. ਕਿਸੇ ਭਾਈਵਾਲ ਨਾਲ ਮੌਜੂਦਾ ਇਕਰਾਰਨਾਮੇ ਅਧੀਨ ਕੀਤੀਆਂ ਉਹ ਖਰੀਦਾਂ, ਜੋ ਗਾਹਕ ਦੀ ਮਾਰਕੀਟਪਲੇਸ ਲਈ ਯੋਗਤਾ ਮਿਲਣ ਤੋਂ ਪਹਿਲਾਂ ਕੀਤੀਆਂ ਗਈਆਂ ਹੋਣ, ਯੋਗ ਨਹੀਂ ਹੋਣਗੀਆਂ, ਜਦ ਤੱਕ OpenAI ਉਨ੍ਹਾਂ ਨੂੰ ਮਨਜ਼ੂਰੀ ਨਾ ਦੇਵੇ, ਅਤੇ ਉਹ ਮਨਜ਼ੂਰੀ ਵਿੱਚ ਦਰਸਾਈਆਂ ਕਿਸੇ ਵੀ ਸ਼ਰਤਾਂ ਦੇ ਅਧੀਨ ਹੋਣ.
ਭਾਈਵਾਲ ਪ੍ਰੋਡਕਟ ਖਰੀਦਣਾ. OpenAI ਗਾਹਕ ਨੂੰ ਮਾਰਕੀਟਪਲੇਸ ਪ੍ਰੋਗਰਾਮ ਵਿੱਚ ਭਾਗ ਲੈਣ ਦੀ ਯੋਗਤਾ ਦੀ ਲਿਖਤੀ ਪੁਸ਼ਟੀ ਦੇਵੇਗਾ, ਜਿਸ ਵਿੱਚ ਗਾਹਕ ਦੀ ਭਾਗੀਦਾਰੀ ਦੀ ਤਾਰੀਖ ਅਤੇ ਲਾਗੂ ਹੋਣ ਵਾਲੀਆਂ ਖਰੀਦ ਦੀਆਂ ਸ਼ਰਤਾਂ ਦਰਸਾਈਆਂ ਹੋਣਗੀਆਂ. ਗਾਹਕ ਮਾਰਕੀਟਪਲੇਸ ਪ੍ਰੋਗ੍ਰਾਮ ਅਧੀਨ ਖਰੀਦ ਦਾ ਪ੍ਰਬੰਧ ਕਰਦੇ ਸਮੇਂ ਉਹ ਪੁਸ਼ਟੀ ਸੰਬੰਧਿਤ ਭਾਈਵਾਲ ਨੂੰ ਪ੍ਰਦਾਨ ਕਰੇਗਾ. ਹਰ ਖਰੀਦ ਇਹਨਾਂ ਨਿਯਮਾਂ ਅਤੇ ਪੁਸ਼ਟੀ ਵਿੱਚ ਦਰਸਾਈਆਂ ਕਿਸੇ ਵੀ ਲਾਗੂ ਸ਼ਰਤਾਂ ਦੇ ਅਧੀਨ ਰਹੇਗੀ. ਭਾਈਵਾਲ ਅਤੇ ਗਾਹਕ ਯੋਗ ਭਾਈਵਾਲ ਪ੍ਰੋਡਕਟ ਲਈ ਸਿੱਧੇ ਤੌਰ 'ਤੇ ਇਕਰਾਰਨਾਮਾ ਕਰਨਗੇ ਅਤੇ ਭਾਈਵਾਲ ਸਿੱਧੇ ਗਾਹਕ ਨੂੰ ਬਿੱਲ ਜਾਰੀ ਕਰੇਗਾ ਅਤੇ ਉਸ ਤੋਂ ਭੁਗਤਾਨ ਪ੍ਰਾਪਤ ਕਰੇਗਾ। ਗਾਹਕ ਯੋਗ ਭਾਈਵਾਲ ਪ੍ਰੋਡਕਟਾਂ 'ਤੇ ਲਾਗੂ ਕਰਾਂ ਲਈ ਜ਼ਿੰਮੇਵਾਰ ਹੈ. ਜਦੋਂ ਕਾਨੂੰਨ ਅਨੁਸਾਰ ਲੋੜ ਹੋਵੇਗੀ, ਤਾਂ ਭਾਈਵਾਲ ਜਾਂ OpenAI, ਜਿਵੇਂ ਲਾਗੂ ਹੋਵੇ, ਉਹ ਕਰ ਵਸੂਲ ਕਰੇਗਾ. ਗਾਹਕ OpenAI ਦੀ ਨਿਰਧਾਰਤ ਪੁਸ਼ਟੀ ਪ੍ਰਕਿਰਿਆ ਰਾਹੀਂ ਬੇਨਤੀ ਕਰ ਸਕਦਾ ਹੈ ਕਿ ਯੋਗ ਭਾਈਵਾਲ ਖਰਚ ਉਸਦੀ ਵਚਨਬੱਧਤਾ ਰਕਮ ਵਿੱਚ ਜੋੜਿਆ ਜਾਵੇ. OpenAI ਕਿਸੇ ਲੈਣ-ਦੇਣ ਦੀਆਂ ਰਕਮਾਂ ਨੂੰ ਉਦੋਂ ਤੱਕ ਲਾਗੂ ਨਹੀਂ ਕਰੇਗਾ ਜਦੋਂ ਤੱਕ ਗਾਹਕ ਨੇ ਉਸ ਲਾਗੂ ਕਰਨ ਲਈ ਸਪਸ਼ਟ ਤੌਰ 'ਤੇ ਅਧਿਕਾਰ ਨਾ ਦਿੱਤਾ ਹੋਵੇ.
ਵਚਨਬੱਧਤਾ ਮਿਆਦ ਅਤੇ ਬਹੁ-ਸਾਲਾ ਖਰੀਦਾਂ. “ਵਚਨਬੱਧਤਾ ਮਿਆਦ” ਦਾ ਅਰਥ ਲਾਗੂ OpenAI ਆਰਡਰ ਫਾਰਮ ਵਿੱਚ ਗਾਹਕ ਵੱਲੋਂ ਉਨ੍ਹਾਂ ਦੀ ਵਚਨਬੱਧਤਾ ਰਕਮ ਪੂਰੀ ਕਰਨ ਲਈ ਨਿਰਧਾਰਤ ਕੀਤੀ ਗਈ ਹਰੇਕ ਸਾਲਾਨਾ ਮਿਆਦ ਹੈ. ਬਹੁ-ਸਾਲਾ OpenAI ਆਰਡਰ ਫਾਰਮ ਵਿੱਚ ਹਰੇਕ ਸਾਲਾਨਾ ਵਚਨਬੱਧਤਾ ਲਈ ਇੱਕ ਵੱਖਰੀ ਵਚਨਬੱਧਤਾ ਮਿਆਦ ਹੁੰਦੀ ਹੈ. OpenAI ਇੱਕ ਵਾਰ ਵਿੱਚ ਭਾਈਵਾਲ ਸਬਸਕ੍ਰਿਪਸ਼ਨ ਦੇ ਵੱਧ ਤੋਂ ਵੱਧ ਬਾਰਾਂ ਮਹੀਨਿਆਂ ਦੇ ਖਰਚੇ ਲਾਗੂ ਕਰੇਗਾ. ਬਹੁ-ਸਾਲਾ ਭਾਈਵਾਲ ਸਬਸਕ੍ਰਿਪਸ਼ਨ ਲਈ, ਹਰੇਕ ਸਬਸਕ੍ਰਿਪਸ਼ਨ ਸਾਲ ਸਬਸਕ੍ਰਿਪਸ਼ਨ ਦੀ ਸ਼ੁਰੂਆਤੀ ਮਿਤੀ ਜਾਂ ਉਸ ਮਿਤੀ ਦੀ ਵਰ੍ਹੇਗੰਢ 'ਤੇ ਸ਼ੁਰੂ ਹੁੰਦਾ ਹੈ. ਹਰੇਕ ਅਗਲੇ ਸਬਸਕ੍ਰਿਪਸ਼ਨ ਸਾਲ ਦੇ ਖਰਚੇ ਉਸ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਜਮ੍ਹਾਂ ਨਹੀਂ ਕਰਵਾਏ ਜਾ ਸਕਦੇ, ਭਾਵੇਂ ਗਾਹਕ ਨੇ ਉਨ੍ਹਾਂ ਖਰਚਿਆਂ ਦਾ ਅਗਾਊਂ ਭੁਗਤਾਨ ਕਰ ਦਿੱਤਾ ਹੋਵੇ. ਭਾਈਵਾਲ ਨੂੰ ਉਸ ਸਬਸਕ੍ਰਿਪਸ਼ਨ ਸਾਲ ਦੇ ਖਰਚਿਆਂ ਨੂੰ ਦਰਸਾਉਂਦਾ ਲਾਗੂ ਬਿੱਲ ਜਮ੍ਹਾਂ ਜਾਂ ਮੁੜ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ. ਹਰੇਕ ਸਪੁਰਦਗੀ ਲਾਗੂ ਵਚਨਬੱਧਤਾ ਮਿਆਦ, ਅਣਵਰਤੇ ਮਾਰਕੀਟਪਲੇਸ ਭੱਤੇ ਅਰਤੇ ਬਾਕੀ ਵਚਨਬੱਧਤਾ ਰਕਮ ਦੇ ਅਧੀਨ ਰਹਿੰਦੀ ਹੈ. ਇੱਕੋ ਖਰਚਿਆਂ ਨੂੰ ਇੱਕ ਤੋਂ ਵੱਧ ਵਾਰ ਨਹੀਂ ਗਿਣਿਆ ਜਾ ਸਕਦਾ. ਭਾਈਵਾਲ ਸਬਸਕ੍ਰਿਪਸ਼ਨ ਦੇ ਬਾਰ੍ਹਾਂ ਮਹੀਨਿਆਂ ਤੱਕ ਦੇ ਯੋਗ ਖਰਚਿਆਂ ਨੂੰ ਲਾਗੂ ਕੀਤਾ ਜਾ ਸਕਦਾ ਹੈ ਭਾਵੇਂ ਉਸ ਸਬਸਕ੍ਰਿਪਸ਼ਨ ਦੀ ਮਿਆਦ ਲਾਗੂ ਵਚਨਬੱਧਤਾ ਮਿਆਦ ਤੋਂ ਅੱਗੇ ਤੱਕ ਚੱਲਦੀ ਹੋਵੇ, ਬਸ਼ਰਤੇ OpenAI ਨੂੰ ਉਸ ਵਚਨਬੱਧਤਾ ਮਿਆਦ ਦੌਰਾਨ ਬਿੱਲ ਪ੍ਰਾਪਤ ਹੋਵੇ.
ਮਾਰਕੀਟਪਲੇਸ ਭੱਤਾ. ਜਦ ਤੱਕ OpenAI ਵੱਲੋਂ ਹੋਰ ਸਹਿਮਤੀ ਨਾ ਦਿੱਤੀ ਜਾਵੇ, ਗਾਹਕ ਦਾ “ਮਾਰਕੀਟਪਲੇਸ ਭੱਤਾ” ਲਾਗੂ ਵਚਨਬੱਧਤਾ ਮਿਆਦ ਲਈ ਉਸ ਦੀ ਵਚਨਬੱਧਤਾ ਰਕਮ ਦਾ 25% ਹੁੰਦਾ ਹੈ. ਇਹ ਭੱਤਾ ਸਾਰੇ ਭਾਈਵਾਲਾਂ ਉੱਤੇ ਸਮੂਹਕ ਤੌਰ 'ਤੇ ਲਾਗੂ ਹੁੰਦਾ ਹੈ, ਅਤੇ ਪਹਿਲਾਂ ਹੀ ਇਸ ਲਈ ਵਰਤੀਆਂ ਗਈਆਂ ਰਕਮਾਂ ਇਸ ਵਿੱਚ ਗਿਣੀਆਂ ਜਾਂਦੀਆਂ ਹਨ. ਬਾਅਦ ਦੇ ਬਿੱਲ ਕੋਈ ਨਵਾਂ ਭੱਤਾ ਨਹੀਂ ਬਣਾਉਂਦੇ. ਕਈ ਸਾਲਾਂ ਵਾਲੇ OpenAI ਆਰਡਰ ਫਾਰਮ ਲਈ, ਹਰੇਕ ਵਚਨਬੱਧਤਾ ਮਿਆਦ ਉੱਤੇ ਵੱਖਰਾ ਮਾਰਕੀਟਪਲੇਸ ਭੱਤਾ ਲਾਗੂ ਹੁੰਦਾ ਹੈ. ਕੋਈ ਵੀ ਨਾ ਵਰਤਿਆ ਗਿਆ ਭੱਤਾ ਉਸ ਵਚਨਬੱਧਤਾ ਮਿਆਦ ਦੇ ਅੰਤ 'ਤੇ ਮਿਆਦ ਪੁੱਗ ਜਾਂਦਾ ਹੈ ਅਤੇ ਇਸਨੂੰ ਕਿਸੇ ਹੋਰ ਵਚਨਬੱਧਤਾ ਰਕਮ ਜਾਂ ਖਾਤੇ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦਾ.
OpenAI ਖਰਚ ਕਿਵੇਂ ਲਾਗੂ ਕਰਦਾ ਹੈ. OpenAI, ਤਸਦੀਕ ਦੇ ਅਧੀਨ, ਭਾਈਵਾਲ ਦੇ ਬਿੱਲਾਂ ਵਿੱਚ ਦਰਸਾਈਆਂ ਯੋਗ ਰਕਮਾਂ ਨੂੰ ਡਾਲਰ-ਦੇ-ਬਰਾਬਰ ਆਧਾਰ 'ਤੇ ਅਤੇ ਬਿੱਲ ਪ੍ਰਾਪਤ ਹੋਣ ਦੇ ਕ੍ਰਮ ਅਨੁਸਾਰ ਗਾਹਕ ਦੀ ਵਚਨਬੱਧਤਾ ਦੀ ਰਕਮ ਵਿੱਚ ਲਾਗੂ ਕਰੇਗਾ. ਹਰ ਵਾਰ ਲਾਗੂ ਕੀਤੀ ਜਾਣ ਵਾਲੀ ਰਕਮ, ਪਹਿਲਾਂ ਹੀ ਲੱਗੇ OpenAI ਸੇਵਾ ਖਰਚਿਆਂ ਅਤੇ ਪਹਿਲਾਂ ਲਾਗੂ ਕੀਤੇ ਗਏ ਭਾਈਵਾਲ ਖਰਚ ਨੂੰ ਧਿਆਨ ਵਿੱਚ ਰੱਖਣ ਤੋਂ ਬਾਅਦ, ਸਿਰਫ਼ ਅਣਵਰਤੇ ਮਾਰਕੀਟਪਲੇਸ ਭੱਤੇ ਅਤੇ ਬਾਕੀ ਰਹਿੰਦੀ ਵਚਨਬੱਧਤਾ ਦੀ ਰਕਮ ਤੱਕ ਸੀਮਿਤ ਹੋਵੇਗੀ. ਗਾਹਕ ਵੱਲੋਂ ਭਾਈਵਾਲ ਨੂੰ ਭੁਗਤਾਨ ਕਰਨ ਤੋਂ ਪਹਿਲਾਂ ਰਕਮ ਲਾਗੂ ਕਰਨਾ ਇਨ੍ਹਾਂ ਸ਼ਰਤਾਂ ਅਧੀਨ ਸਮਾਯੋਜਨ ਦੇ ਅਧੀਨ ਰਹੇਗਾ. ਲਾਗੂ ਕੀਤੀਆਂ ਰਕਮਾਂ ਗਾਹਕ ਦੀ ਵਚਨਬੱਧਤਾ ਦੀ ਰਕਮ ਦੇ ਉਸ ਹਿੱਸੇ ਨੂੰ ਘਟਾਉਂਦੀਆਂ ਹਨ ਜਿਸ ਦੀ ਪੂਰਤੀ ਹਾਲੇ ਬਾਕੀ ਹੈ. ਇਨ੍ਹਾਂ ਨਾਲ ਭਾਈਵਾਲ ਦੇ ਬਿੱਲਾਂ ਦਾ ਭੁਗਤਾਨ ਨਹੀਂ ਹੁੰਦਾ, OpenAI ਵਰਤੋਂ ਕ੍ਰੈਡਿਟ ਨਹੀਂ ਬਣਦੇ, OpenAI ਸੇਵਾ ਖਰਚੇ ਘਟਦੇ ਨਹੀਂ ਅਤੇ ਗਾਹਕ ਨੂੰ ਨਕਦ ਰਕਮ ਜਾਂ ਰਿਫੰਡ ਦਾ ਹੱਕ ਨਹੀਂ ਮਿਲਦਾ. OpenAI ਦੇ ਮੌਜੂਦਾ ਪ੍ਰੀਪੇਡ ਬਕਾਏ ਅਤੇ ਕ੍ਰੈਡਿਟ ਅਣਬਦਲੇ ਰਹਿਣਗੇ, ਜਦੋਂ ਤੱਕ OpenAI ਆਰਡਰ ਫਾਰਮ ਵਿੱਚ ਹੋਰ ਵਿਵਸਥਾ ਨਾ ਹੋਵੇ. ਗਾਹਕ OpenAI ਸੇਵਾ ਖਰਚਿਆਂ ਅਤੇ ਵਚਨਬੱਧਤਾ ਦੀ ਬਾਕੀ ਰਹਿੰਦੀ ਕਿਸੇ ਵੀ ਘਾਟ ਲਈ ਜ਼ਿੰਮੇਵਾਰ ਰਹੇਗਾ. OpenAI ਨੂੰ ਲਾਗੂ ਵਚਨਬੱਧਤਾ ਮਿਆਦ ਦੌਰਾਨ ਅਤੇ ਗਾਹਕ ਦੀ ਭਾਗੀਦਾਰੀ ਦੀ ਮਿਤੀ ਨੂੰ ਜਾਂ ਉਸ ਤੋਂ ਬਾਅਦ ਬਿੱਲ ਪ੍ਰਾਪਤ ਹੋਣਾ ਲਾਜ਼ਮੀ ਹੈ, ਜਦੋਂ ਤੱਕ OpenAI ਲਿਖਤੀ ਰੂਪ ਵਿੱਚ ਹੋਰ ਮਨਜ਼ੂਰੀ ਨਾ ਦੇਵੇ.
ਇੱਕ ਤੋਂ ਵੱਧ ਖਰਚ ਵਚਨਬੱਧਤਾਵਾਂ. ਜੇ ਗਾਹਕ ਕੋਲ ਇੱਕ ਤੋਂ ਵੱਧ OpenAI ਆਰਡਰ ਫਾਰਮਾਂ ਅਧੀਨ ਯੋਗ ਵਚਨਬੱਧਤਾ ਰਕਮਾਂ ਹਨ, ਤਾਂ OpenAI ਲਾਗੂ ਮਾਰਕੀਟਪਲੇਸ ਭੱਤੇ ਅਤੇ ਵਚਨਬੱਧਤਾ ਮਿਆਦ ਦੇ ਅਧੀਨ, ਇਹ ਨਿਰਧਾਰਤ ਕਰੇਗਾ ਕਿ ਬਿੱਲ ਕੀਤੀ ਗਈ ਰਕਮ ਕਿਸ ਵਚਨਬੱਧਤਾ 'ਤੇ ਲਾਗੂ ਹੁੰਦੀ ਹੈ. ਗਾਹਕ ਵੱਖਰੀ ਵੰਡ ਦੀ ਬੇਨਤੀ ਕਰ ਸਕਦਾ ਹੈ, ਜੋ OpenAI ਦੀ ਮਨਜ਼ੂਰੀ ਦੇ ਅਧੀਨ ਹੋਵੇਗੀ. ਇੱਕੋ ਰਕਮ ਨੂੰ ਇੱਕ ਤੋਂ ਵੱਧ ਵਾਰ ਨਹੀਂ ਗਿਣਿਆ ਜਾ ਸਕਦਾ.
ਰਿਪੋਰਟਿੰਗ ਅਤੇ ਤਸਦੀਕੀਕਰਨ. ਭਾਈਵਾਲ ਯੋਗ ਲੈਣ-ਦੇਣ ਅਤੇ ਭੁਗਤਾਨਾਂ ਦੀ ਰਿਪੋਰਟ OpenAI ਨੂੰ ਕਰੇਗਾ. ਗਾਹਕ OpenAI ਅਤੇ ਭਾਈਵਾਲ ਨੂੰ ਯੋਗ ਭਾਈਵਾਲ ਖਰਚ ਦੀ ਤਸਦੀਕ ਕਰਨ ਅਤੇ ਉਸਨੂੰ ਲਾਗੂ ਕਰਨ ਲਈ ਵਾਜਬ ਤੌਰ 'ਤੇ ਲੋੜੀਂਦੀ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨ ਦਾ ਅਧਿਕਾਰ ਦਿੰਦਾ ਹੈ, ਜਿਸ ਵਿੱਚ ਖਾਤਾ ਪਛਾਣਕਰਤਾ, ਬਿੱਲ, ਭੁਗਤਾਨ ਜਾਣਕਾਰੀ ਅਤੇ ਸੇਵਾ ਦੀਆਂ ਤਾਰੀਖਾਂ ਸ਼ਾਮਲ ਹਨ. ਬੇਨਤੀ ਕੀਤੇ ਜਾਣ 'ਤੇ ਗਾਹਕ ਵਾਜਬ ਸਹਾਇਕ ਜਾਣਕਾਰੀ ਪ੍ਰਦਾਨ ਕਰੇਗਾ. OpenAI ਇਕਰਾਰਨਾਮੇ ਦੀਆਂ ਗੁਪਤਤਾ ਸੰਬੰਧੀ ਵਿਵਸਥਾਵਾਂ ਦੇ ਬਾਵਜੂਦ, ਗਾਹਕ OpenAI ਨੂੰ ਉਸ ਇਕਰਾਰਨਾਮੇ ਦੀ ਮੌਜੂਦਗੀ ਅਤੇ ਮਾਰਕੀਟਪਲੇਸ ਪ੍ਰੋਗਰਾਮ ਲਈ ਗਾਹਕ ਦੀ ਯੋਗਤਾ ਉਸ ਭਾਈਵਾਲ ਨੂੰ ਦੱਸਣ ਦਾ ਅਧਿਕਾਰ ਦਿੰਦਾ ਹੈ, ਜਿਸ ਤੋਂ ਗਾਹਕ ਖਰੀਦਣ ਦਾ ਪ੍ਰਸਤਾਵ ਰੱਖਦਾ ਹੈ. ਯੋਗ ਭਾਈਵਾਲ ਖਰਚ ਲਾਗੂ ਕਰਨ ਲਈ ਲੋੜੀਂਦੇ ਬਿੱਲ ਅਤੇ ਸਹਾਇਕ ਜਾਣਕਾਰੀ ਸਮੇਂ ਸਿਰ ਜਮ੍ਹਾਂ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਭਾਈਵਾਲ ਨਾਲ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਗਾਹਕ ਦੀ ਹੈ.
ਵਿਵਾਦ ਅਤੇ ਸਮਾਯੋਜਨ. ਗਾਹਕ ਭਾਈਵਾਲ ਦੇ ਖਰਚਿਆਂ ਬਾਰੇ ਵਿਵਾਦਾਂ ਦਾ ਨਿਪਟਾਰਾ ਸਿੱਧੇ ਤੌਰ ‘ਤੇ ਭਾਈਵਾਲ ਨਾਲ ਕਰੇਗਾ. OpenAI ਵਿਵਾਦਿਤ ਰਕਮਾਂ ਦੀ ਵਰਤੋਂ ਰੋਕ ਸਕਦਾ ਹੈ ਜਾਂ ਉਸ ਵਿੱਚ ਸਮਾਯੋਜਨ ਕਰ ਸਕਦਾ ਹੈ; ਗੈਰ-ਵਿਵਾਦਿਤ ਰਕਮਾਂ ਵੱਖਰੇ ਤੌਰ 'ਤੇ ਯੋਗ ਹੋ ਸਕਦੀਆਂ ਹਨ. OpenAI ਭੁਗਤਾਨ ਦੀ ਨਿਯਤ ਮਿਤੀ 'ਤੇ ਭੁਗਤਾਨ ਨਾ ਹੋਣ, ਰਿਫੰਡ, ਕ੍ਰੈਡਿਟ, ਰੱਦ ਕਰਨ, ਦੁਹਰੀ ਰਿਪੋਰਟਿੰਗ ਜਾਂ ਹੋਰ ਤਰੁੱਟੀਆਂ ਕਾਰਨ ਲਾਗੂ ਕੀਤੀਆਂ ਰਕਮਾਂ ਨੂੰ ਵੀ ਠੀਕ ਕਰ ਸਕਦਾ ਹੈ ਅਤੇ ਗਾਹਕ ਨੂੰ ਸਮਾਯੋਜਨ ਬਾਰੇ ਸੂਚਿਤ ਕਰੇਗਾ. ਗਾਹਕ OpenAI ਇਕਰਾਰਨਾਮੇ ਦੇ ਤਹਿਤ ਵਚਨਬੱਧਤਾ ਵਿੱਚ ਕਿਸੇ ਵੀ ਨਤੀਜੇ ਵਜੋਂ ਹੋਈ ਘਾਟ ਲਈ ਜ਼ਿੰਮੇਵਾਰ ਰਹੇਗਾ, ਜਿਸ ਵਿੱਚ ਵਚਨਬੱਧਤਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਸ਼ਾਮਲ ਹੈ. ਜੇ ਗਾਹਕ ਬਾਅਦ ਵਿੱਚ ਭੁਗਤਾਨ ਨਾ ਹੋਣ ਕਾਰਨ ਵਾਪਸ ਕੀਤੀ ਗਈ ਰਕਮ ਦਾ ਭੁਗਤਾਨ ਕਰਦਾ ਹੈ, ਤਾਂ OpenAI ਤਸਦੀਕੀਕਰਨ ਅਤੇ ਲਾਗੂ ਮਾਕਰਿਟਪਲੇਸ ਭੱਤੇ ਦੇ ਅਧੀਨ, ਯੋਗ ਰਕਮ ਨੂੰ ਮੂਲ ਵਚਨਬੱਧਤਾ ਮਿਆਦ ਵਿੱਚ ਮੁੜ ਲਾਗੂ ਕਰ ਸਕਦਾ ਹੈ.
ਯੋਗਤਾ ਵਿੱਚ ਤਬਦੀਲੀਆਂ. ਜੇਕਰ ਕੋਈ ਯੋਗ ਭਾਈਵਾਲ ਪ੍ਰੋਡਕਟ ਮਾਰਕੀਟਪਲੇਸ ਪ੍ਰੋਗਰਾਮ ਦੇ ਅਧੀਨ ਨਵੀਆਂ ਖਰੀਦਾਂ ਜਾਂ ਨਵੀਨੀਕਰਨ ਲਈ ਯੋਗ ਨਹੀਂ ਰਹਿੰਦਾ, ਤਾਂ OpenAI ਇਸ ਬਾਰੇ ਗਾਹਕ ਨੂੰ ਸੂਚਿਤ ਕਰੇਗਾ. ਉਸ ਨੋਟਿਸ ਤੋਂ ਪਹਿਲਾਂ ਮਨਜ਼ੂਰ ਕੀਤੀਆਂ ਖਰੀਦਾਂ ਮੌਜੂਦਾ ਗੈਰ-ਰੱਦਯੋਗ ਸਬਸਕ੍ਰਿਪਸ਼ਨ ਮਿਆਦ ਦੇ ਅੰਤ ਤੱਕ ਜਾਂ ਲਾਗੂ ਵਚਨਬੱਧਤਾ ਮਿਆਦ ਦੇ ਅੰਤ ਤੱਕ, ਇਨ੍ਹਾਂ ਵਿੱਚੋਂ ਜੋ ਵੀ ਪਹਿਲਾਂ ਆਵੇ, ਮਾਰਕੀਟਪਲੇਸ ਭੱਤੇ ਦੇ ਅਧੀਨ, ਯੋਗ ਰਹਿਣਗੀਆਂ. OpenAI ਨੋਟਿਸ ਤੋਂ ਪਹਿਲਾਂ ਵੈਧ ਤੌਰ 'ਤੇ ਲਾਗੂ ਕੀਤੀਆਂ ਰਕਮਾਂ ਨੂੰ ਸਿਰਫ਼ ਇਸ ਕਾਰਨ ਵਾਪਸ ਨਹੀਂ ਲਵੇਗਾ ਕਿ ਭਾਈਵਾਲ ਜਾਂ ਯੋਗ ਭਾਈਵਾਲ ਪ੍ਰੋਡਕਟ ਬਾਅਦ ਵਿੱਚ ਅਯੋਗ ਹੋ ਜਾਂਦਾ ਹੈ.
ਬਿਲਿੰਗ ਵਿੱਚ ਤਬਦੀਲੀਆਂ. ਜੇ OpenAI ਮਾਰਕੀਟਪਲੇਸ ਰਾਹੀਂ ਯੋਗ ਭਾਈਵਾਲ ਪ੍ਰੋਡਕਟਾਂ ਲਈ ਭੁਗਤਾਨ ਇਕੱਠਾ ਕਰਨਾ ਸ਼ੁਰੂ ਕਰਦਾ ਹੈ, ਤਾਂ ਗਾਹਕ ਦੀਆਂ ਮੌਜੂਦਾ ਖਰੀਦਾਂ ਲਈ ਬਿਲਿੰਗ ਲਾਗੂ ਭਾਈਵਾਲ ਵੱਲੋਂ ਸਿੱਧੇ ਤੌਰ 'ਤੇ ਜਾਰੀ ਰਹੇਗੀ, ਜਦੋਂ ਤੱਕ ਗਾਹਕ, ਭਾਈਵਾਲ ਅਤੇ OpenAI ਹੋਰ ਸਹਿਮਤ ਨਾ ਹੋਣ. ਕੋਈ ਵੀ ਤਬਦੀਲੀ ਗਾਹਕ ਵੱਲੋਂ ਲਾਗੂ ਬਿਲਿੰਗ ਸ਼ਰਤਾਂ ਦੀ ਸਵੀਕ੍ਰਿਤੀ ਅਤੇ ਸਹਿਮਤ ਹੋਈ ਪ੍ਰਭਾਵੀ ਮਿਤੀ ਦੇ ਅਧੀਨ ਹੋਵੇਗੀ. ਗਾਹਕ ਤੋਂ ਇੱਕੋ ਖਰੀਦ ਲਈ ਦੋ ਵਾਰ ਬਿਲ ਨਹੀਂ ਲਿਆ ਜਾਵੇਗਾ, ਅਤੇ ਇੱਕੋ ਯੋਗ ਭਾਈਵਾਲ ਖਰਚ ਨੂੰ ਵਚਨਬੱਧਤਾ ਰਕਮ ਵਿੱਚ ਇੱਕ ਤੋਂ ਵੱਧ ਵਾਰ ਨਹੀਂ ਗਿਣਿਆ ਜਾਵੇਗਾ. ਲਾਗੂ ਬਿਲਿੰਗ ਸ਼ਰਤਾਂ ਅਧੀਨ ਭਾਈਵਾਲ ਦੇ ਅਧਿਕਾਰਤ ਭੁਗਤਾਨ-ਵਸੂਲੀ ਏਜੰਟ ਵਜੋਂ OpenAI ਨੂੰ ਕੀਤੇ ਭੁਗਤਾਨ, ਇਨ੍ਹਾਂ ਸ਼ਰਤਾਂ ਦੇ ਉਦੇਸ਼ਾਂ ਲਈ ਭਾਈਵਾਲ ਨੂੰ ਕੀਤੇ ਭੁਗਤਾਨ ਮੰਨੇ ਜਾਣਗੇ.
ਭਾਈਵਾਲ ਪ੍ਰੋਡਕਟ. ਮਾਰਕੀਟਪਲੇਸ 'ਤੇ ਕਿਸੇ ਯੋਗ ਭਾਈਵਾਲ ਪ੍ਰੋਡਕਟ ਨੂੰ ਸੂਚੀਬੱਧ ਕਰਨ ਜਾਂ ਮਾਰਕੀਟਪਲੇਸ ਪ੍ਰੋਗਰਾਮ ਵਿੱਚ ਭਾਗੀਦਾਰੀ ਲਈ ਕਿਸੇ ਖਰੀਦ ਨੂੰ ਮਨਜ਼ੂਰੀ ਦੇਣ ਦਾ ਅਰਥ ਇਹ ਨਹੀਂ ਹੈ ਕਿ OpenAI ਭਾਈਵਾਲ ਜਾਂ ਉਸਦੇ ਪ੍ਰੋਡਕਟ ਦਾ ਸਮਰਥਨ ਕਰਦਾ ਹੈ, ਉਸਦੀ ਵਾਰੰਟੀ ਦਿੰਦਾ ਹੈ ਜਾਂ ਉਸਦੀ ਸਿਫ਼ਾਰਸ਼ ਕਰਦਾ ਹੈ. ਗਾਹਕ ਵੱਲੋਂ ਕਿਸੇ ਯੋਗ ਭਾਈਵਾਲ ਪ੍ਰੋਡਕਟ ਦੀ ਖਰੀਦ ਅਤੇ ਵਰਤੋਂ ਸਿਰਫ਼ ਸੰਬੰਧਿਤ ਭਾਈਵਾਲ ਨਾਲ ਗਾਹਕ ਦੇ ਇਕਰਾਰਨਾਮੇ ਦੁਆਰਾ ਨਿਯੰਤਰਿਤ ਹੁੰਦੀਆਂ ਹਨ. OpenAI ਉਸ ਇਕਰਾਰਨਾਮੇ ਦੀ ਧਿਰ ਨਹੀਂ ਹੈ, ਅਤੇ ਆਪਣੇ ਪ੍ਰੋਡਕਟ ਨੂੰ ਪ੍ਰਦਾਨ ਕਰਨ, ਉਸ ਲਈ ਸਹਾਇਤਾ ਦੇਣ ਅਤੇ ਉਸਦਾ ਰੱਖ-ਰਖਾਅ ਕਰਨ ਲਈ ਸਿਰਫ਼ ਭਾਈਵਾਲ ਹੀ ਜ਼ਿੰਮੇਵਾਰ ਹੈ. ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਗਈ ਵੱਧ ਤੋਂ ਵੱਧ ਹੱਦ ਤੱਕ, OpenAI ਯੋਗ ਭਾਈਵਾਲ ਪ੍ਰੋਡਕਟਾਂ ਸੰਬੰਧੀ ਕੋਈ ਵਾਰੰਟੀ ਨਹੀਂ ਦਿੰਦਾ ਅਤੇ ਗਾਹਕ ਵੱਲੋਂ ਉਨ੍ਹਾਂ ਪ੍ਰੋਡਕਟਾਂ ਦੀ ਖਰੀਦ ਜਾਂ ਵਰਤੋਂ ਜਾਂ ਭਾਈਵਾਲ ਦੀਆਂ ਕਾਰਵਾਈਆਂ ਜਾਂ ਚੂਕਾਂ ਤੋਂ ਪੈਦਾ ਹੋਣ ਵਾਲੀ ਜ਼ਿੰਮੇਵਾਰੀ ਤੋਂ ਇਨਕਾਰ ਕਰਦਾ ਹੈ. ਇਹ ਉਪਬੰਧ ਇਨ੍ਹਾਂ ਸ਼ਰਤਾਂ ਜਾਂ OpenAI ਇਕਰਾਰਨਾਮੇ ਦੇ ਤਹਿਤ OpenAI ਦੀਆਂ ਸਪਸ਼ਟ ਤੌਰ 'ਤੇ ਨਿਰਧਾਰਤ ਜ਼ਿੰਮੇਵਾਰੀਆਂ ਨੂੰ ਸੀਮਤ ਨਹੀਂ ਕਰਦਾ.
OpenAI ਇਕਰਾਰਨਾਮੇ ਨਾਲ ਸੰਬੰਧ. ਇਹ ਸ਼ਰਤਾਂ ਸਿਰਫ਼ ਮਾਰਕੀਟਪਲੇਸ ਪ੍ਰੋਗਰਾਮ ਵਿੱਚ ਗਾਹਕ ਦੀ ਭਾਗੀਦਾਰੀ ਨੂੰ ਨਿਯੰਤਰਿਤ ਕਰਦੀਆਂ ਹਨ. OpenAI ਇਕਰਾਰਨਾਮਾ ਗਾਹਕ ਵੱਲੋਂ OpenAI ਸੇਵਾਵਾਂ ਦੀ ਵਰਤੋਂ ਅਤੇ ਉਨ੍ਹਾਂ ਤੱਕ ਪਹੁੰਚ ਨੂੰ ਨਿਯੰਤਰਿਤ ਕਰਦਾ ਰਹੇਗਾ. ਜੇ ਇਹਨਾਂ ਸ਼ਰਤਾਂ ਅਤੇ OpenAI ਆਰਡਰ ਫਾਰਮ ਦੇ ਕਿਸੇ ਖਾਸ ਉਪਬੰਧਾਂ ਵਿੱਚ ਟਕਰਾਅ ਹੋਵੇ, ਤਾਂ OpenAI ਆਰਡਰ ਫਾਰਮ ਦਾ ਉਪਬੰਧ ਲਾਗੂ ਹੋਵੇਗਾ. ਮਨਜ਼ੂਰ ਕੀਤੀ ਖਰੀਦ ਦੀ ਭੱਤੇ ਜਾਂ ਖਰਚ ਦੀ ਗਣਨਾ ਵਿੱਚ ਤਬਦੀਲੀਆਂ ਲਈ ਗਾਹਕ ਦੀ ਸਹਿਮਤੀ ਲਾਜ਼ਮੀ ਹੈ.