ਮੁੱਖ ਸਮੱਗਰੀ 'ਤੇ ਜਾਓ
OpenAI

31 ਅਗਸਤ 2026

ਕੰਪਨੀ

OpenAI ਨੌਜਵਾਨਾਂ ਦੀ AI ਸੁਰੱਖਿਆ ਨੂੰ ਉੱਨਤ ਕਰਨ ਲਈ ਕੈਲੀਫੋਰਨੀਆ ਦੇ ਬਿੱਲ ਦਾ ਸਮਰਥਨ ਕਰਦਾ ਹੈ

ਲੋਡ ਹੋ ਰਿਹਾ ਹੈ…

ਐਨ ਓ’ਲੀਅਰੀ, ਉਪ ਪ੍ਰਧਾਨ, ਗਲੋਬਲ ਨੀਤੀ ਵੱਲੋਂ

OpenAI ਕੈਲੀਫੋਰਨੀਆ ਸੈਨੇਟ ਬਿੱਲ 1119 ਦਾ ਸਮਰਥਨ ਕਰਦਾ ਹੈ, ਇਹ ਅਜਿਹਾ ਕਾਨੂੰਨ ਹੈ ਜੋ ਨੌਜਵਾਨਾਂ ਦੁਆਰਾ AI ਦੀ ਵਰਤੋਂ ਲਈ ਸਾਰਥਕ ਸੁਰੱਖਿਆ ਉਪ ਕਾਇਮ ਕਰਦਾ ਹੈ, ਜਦੋਂ ਕਿ ਉਨ੍ਹਾਂ ਦੀ ਉਨ੍ਹਾਂ ਸਾਧਨਾਂ ਤੱਕ ਪਹੁੰਚ ਨੂੰ ਵੀ ਬਰਕਰਾਰ ਰੱਖਦਾ ਹੈ ਜੋ ਉਨ੍ਹਾਂ ਨੂੰ ਸਿੱਖਣ, ਸਿਰਜਣ ਅਤੇ ਭਵਿੱਖ ਲਈ ਤਿਆਰ ਕਰਨ ਵਿੱਚ ਮਦਦ ਕਰ ਸਕਦੇ ਹਨ। ਇਹ ਸਮਰਥਨ ਉਸ ਵਚਨਬੱਧਤਾ ਨੂੰ ਅੱਗੇ ਵਧਾਉਂਦਾ ਹੈ ਜੋ OpenAI ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੈਮ ਆਲਟਮੈਨ ਨੇ ਪਿਛਲੇ ਸਾਲ ਕਿਸ਼ੋਰਾਂ ਬਾਰੇ ਕੰਪਨੀ ਦੇ ਸਿਧਾਂਤ ਪੇਸ਼ ਕਰਦਿਆਂ ਪ੍ਰਗਟਾਈ ਸੀ।

ਸੰਘੀ ਕਾਰਵਾਈ ਨਾ ਹੋਣ ਕਰਕੇ, ਕੈਲੀਫੋਰਨੀਆ ਕੋਲ ਨੌਜਵਾਨਾਂ ਦੀ AI ਸੁਰੱਖਿਆ ਲਈ ਮਜ਼ਬੂਤ ਮਿਆਰ ਕਾਇਮ ਕਰਨ ਦਾ ਮੌਕਾ ਹੈ।

ਅਸੀਂ ਗਵਰਨਰ ਨਿਊਸਮ ਨੂੰ ਲਿਖੇ ਆਪਣੇ ਪੱਤਰ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਵਿੱਚ ਇਸ ਅਹਿਮ ਮੁੱਦੇ ’ਤੇ ਉਨ੍ਹਾਂ ਦੇ ਨਾਲ ਸੈਨੇਟਰ ਸਟੀਵ ਪੈਡਿਲਾ, ਅਸੈਂਬਲੀ ਮੈਂਬਰਜ਼ ਬਫੀ ਵਿਕਸ ਅਤੇ ਰੇਬੇਕਾ ਬਾਊਰ-ਕਾਹਨ ਅਤੇ ਕੈਲੀਫੋਰਨੀਆ ਵਿਧਾਨ ਸਭਾ ਦੀ ਅਗਵਾਈ ਦੀ ਸ਼ਲਾਘਾ ਕਰਦੇ ਹਾਂ। SB 1119 ਨੌਜਵਾਨਾਂ ਦੀ ਸੁਰੱਖਿਆ ਲਈ ਉਨ੍ਹਾਂ ਉਪਾਵਾਂ ਨੂੰ ਅੱਗੇ ਵਧਾਉਂਦਾ ਹੈ ਜਿਨ੍ਹਾਂ ਦਾ OpenAI ਨੇ ਆਪਣੇ ਉਤਪਾਦਾਂ, ਵਿਸ਼ਵ-ਵਿਆਪੀ ਨੀਤੀ ਸਿਧਾਂਤਾਂ, ਕੈਲੀਫੋਰਨੀਆ ਵਿੱਚ ਪੈਰਵੀ ਅਤੇ ਮਾਪੇ ਅਤੇ ਬੱਚੇ ਸੁਰੱਖਿਅਤ AI ਕਾਨੂੰਨ ਸੰਬੰਧੀ ਕੰਮ ਰਾਹੀਂ ਸਮਰਥਨ ਕੀਤਾ ਹੈ। ਅਸੀਂ ਗਵਰਨਰ ਨਿਊਸਮ ਨੂੰ ਇਸ ਬਿੱਲ ’ਤੇ ਦਸਤਖ਼ਤ ਕਰਕੇ ਇਸ ਨੂੰ ਕਾਨੂੰਨ ਬਣਾਉਣ ਦੀ ਅਪੀਲ ਕਰਦੇ ਹਾਂ।

ਕਿਸ਼ੋਰ ਉਹ ਪਹਿਲੀ ਪੀੜ੍ਹੀ ਹਨ ਜੋ AI ਦੇ ਨਾਲ ਵੱਡੀ ਹੋ ਰਹੀ ਹੈ। ChatGPT ਵਰਤਣ ਵਾਲੇ ਹਰ ਦਸ ਵਿੱਚੋਂ ਲਗਭਗ ਨੌਂ ਕਿਸ਼ੋਰ ਕਿਸੇ ਵੀ ਹਫ਼ਤੇ ਇਸ ਦੀ ਵਰਤੋਂ ਸਿੱਖਣ, ਜਾਣਕਾਰੀ ਲੈਣ, ਹੁਨਰ ਵਿਕਸਤ ਕਰਨ ਜਾਂ ਉਤਪਾਦਕਤਾ ਵਧਾਉਣ ਲਈ ਕਰਦੇ ਹਨ। ਇਸ ਮੌਕੇ ਨਾਲ ਇੱਕ ਸਪਸ਼ਟ ਜ਼ਿੰਮੇਵਾਰੀ ਵੀ ਜੁੜੀ ਹੈ: ਕਿਸ਼ੋਰਾਂ ਨੂੰ ਉਨ੍ਹਾਂ ਦੀਆਂ ਵੱਖਰੀਆਂ ਵਿਕਾਸਾਤਮਕ ਲੋੜਾਂ ਮੁਤਾਬਕ ਤਿਆਰ ਕੀਤੇ ਅਨੁਭਵ ਮਿਲਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਮੂਲ ਰੂਪ ਵਿੱਚ ਮਜ਼ਬੂਤ ਸੁਰੱਖਿਆ ਅਤੇ ਸਿੱਖਣ, ਸਿਰਜਣ ਅਤੇ ਖੋਜਣ ਦੇ ਢੁਕਵੇਂ ਮੌਕੇ ਸ਼ਾਮਲ ਹੋਣ।

ਹਾਲ ਹੀ ਵਿੱਚ ਪੇਸ਼ ਕੀਤਾ ਸਾਡਾ ਕਿਸ਼ੋਰਾਂ ਲਈ ChatGPT ਇਸੇ ਪਹੁੰਚ ਨੂੰ ਦਰਸਾਉਂਦਾ ਹੈ। ਇਸ ਨੂੰ 18 ਸਾਲ ਤੋਂ ਘੱਟ ਉਮਰ ਦੇ ਵਰਤੋਂਕਾਰਾਂ ਨੂੰ ਸਿੱਖਣ, ਆਲੋਚਨਾਤਮਕ ਢੰਗ ਨਾਲ ਸੋਚਣ ਅਤੇ ਕੁਝ ਨਵਾਂ ਬਣਾਉਣ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ, ਨਾਲ ਹੀ ਇਹ ਸਿਹਤਮੰਦ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ, ਅੰਦਰੂਨੀ ਸੁਰੱਖਿਆ ਉਪਾਅ ਪ੍ਰਦਾਨ ਕਰਦਾ ਹੈ ਅਤੇ ਮਾਪਿਆਂ ਨੂੰ ਵਾਧੂ ਕੰਟਰੋਲ ਦਿੰਦਾ ਹੈ। ਜੇਕਰ ਸਾਡੀ ਪ੍ਰਣਾਲੀ ਇਹ ਅੰਦਾਜ਼ਾ ਲਗਾਉਂਦੀ ਹੈ ਕਿ ਕੋਈ ਵਿਅਕਤੀ 18 ਸਾਲ ਤੋਂ ਘੱਟ ਉਮਰ ਦਾ ਹੈ ਜਾਂ ਉਹ ਆਪਣੀ ਉਮਰ 13 ਤੋਂ 17 ਸਾਲ ਦੱਸਦਾ ਹੈ, ਤਾਂ ਉਸ ਨੂੰ ਆਪਣੇ-ਆਪ ਕਿਸ਼ੋਰਾਂ ਲਈ ChatGPT ਵਿੱਚ ਰੱਖਿਆ ਜਾਂਦਾ ਹੈ। ਇਹ ਸੁਰੱਖਿਆ ਉਪਾਅ ਮੁੱਢਲੇ ਅਨੁਭਵ ਦਾ ਅਨਿੱਖੜਵਾਂ ਅੰਗ ਹਨ, ਨਾ ਕਿ ਕੋਈ ਅਜਿਹੀਆਂ ਵਿਕਲਪਿਕ ਸੈਟਿੰਗਾਂ ਜਿਨ੍ਹਾਂ ਨੂੰ ਵਰਤੋਂਕਾਰ ਬੰਦ ਕਰ ਸਕਣ।

ਵਿਆਪਕ ਤੌਰ ’ਤੇ ਸਾਡਾ ਮੰਨਣਾ ਹੈ ਕਿ ਕਿਸ਼ੋਰ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ AI ਤੋਂ ਲਾਭ ਲੈ ਸਕਦੇ ਹਨ। ਇਹੀ ਟੀਚਾ SB 1119 ਦੇ ਕੇਂਦਰ ਵਿੱਚ ਹੈ।

ਉਮਰ ਮੁਤਾਬਕ ਢੁਕਵੀਂ AI ਲਈ ਮਜ਼ਬੂਤ ਢਾਂਚਾ

SB 1119 ਮਜ਼ਬੂਤ ਸੁਰੱਖਿਆ ਉਪਾਵਾਂ ਦੇ ਨਾਲ ਲਾਭਦਾਇਕ AI ਸਾਧਨਾਂ ਤੱਕ ਨਿਰੰਤਰ ਪਹੁੰਚ ਵੀ ਯਕੀਨੀ ਬਣਾਉਂਦਾ ਹੈ। ਅਸੀਂ ਇਨ੍ਹਾਂ ਮੁੱਖ ਲੋੜਾਂ ਦਾ ਪੂਰਾ ਸਮਰਥਨ ਕਰਦੇ ਹਾਂ:

  • ਵਰਤੋਂਕਾਰ ਦੀ ਉਮਰ ਦਾ ਪਤਾ ਲਗਾਉਣਾ;
  • ਨੌਜਵਾਨਾਂ ਲਈ ਕੋਈ ਵੀ ਉਤਪਾਦ ਉਪਲਬਧ ਕਰਵਾਉਣ ਤੋਂ ਪਹਿਲਾਂ ਸੁਰੱਖਿਆ ਜੋਖਮਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦਾ ਹੱਲ ਕਰਨਾ;
  • ਸੁਤੰਤਰ ਲੇਖਾ-ਜਾਂਚ ਕਰਵਾਉਣਾ;
  • ਨੌਜਵਾਨਾਂ ਨੂੰ ਨੁਕਸਾਨਦੇਹ ਸਮੱਗਰੀ ਤੋਂ ਬਚਾਉਣਾ, ਜਿਸ ਵਿੱਚ ਖ਼ੁਦ ਨੂੰ ਨੁਕਸਾਨ ਪਹੁੰਚਾਉਣਾ, ਜਿਨਸੀ ਸ਼ੋਸ਼ਣ ਵਾਲੀ ਸਮੱਗਰੀ ਅਤੇ ਹੋਰ ਹਾਈ-ਜੋਖਮ ਵਾਲੇ ਸੰਪਰਕ ਸ਼ਾਮਲ ਹਨ;
  • ਮਾਪਿਆਂ ਨੂੰ ਆਪਣੇ ਬੱਚਿਆਂ ਦੀ ਵਰਤੋਂ ਨੂੰ ਨਿਯੰਤਰਿਤ ਕਰਨ ਅਤੇ ਸੀਮਤ ਕਰਨ ਲਈ ਸਾਧਨ ਪ੍ਰਦਾਨ ਕਰਨਾ;
  • ਗੰਭੀਰ ਸੁਰੱਖਿਆ ਜੋਖਮ ਪੈਦਾ ਹੋਣ ’ਤੇ ਨੌਜਵਾਨਾਂ ਨੂੰ ਸੰਕਟ ਸਹਾਇਤਾ ਸਰੋਤਾਂ ਨਾਲ ਜੋੜਨਾ;
  • ਨਿਸ਼ਾਨਾਬੱਧ ਇਸ਼ਤਿਹਾਰਬਾਜ਼ੀ ਨੂੰ ਸੀਮਤ ਕਰਨਾ ਅਤੇ ਨੌਜਵਾਨਾਂ ਦੀ ਨਿੱਜੀ ਜਾਣਕਾਰੀ ਦੀ ਰੱਖਿਆ ਕਰਨਾ।

13 ਤੋਂ 17 ਸਾਲ ਦੀ ਉਮਰ ਦੇ ਵਜੋਂ ਪਛਾਣੇ ਗਏ ਵਰਤੋਂਕਾਰਾਂ ਲਈ ਇਹ ਸੁਰੱਖਿਆ ਉਪਾਅ ਆਪਣੇ-ਆਪ ਲਾਗੂ ਹੋਣੇ ਚਾਹੀਦੇ ਹਨ। ਇਹ ਕਾਨੂੰਨ ਸਾਰਥਕ ਜਵਾਬਦੇਹੀ ਨੂੰ ਉਨ੍ਹਾਂ ਸੁਰੱਖਿਆ ਉਪਾਵਾਂ ਨਾਲ ਜੋੜੇਗਾ ਜੋ ਨੌਜਵਾਨਾਂ ਨੂੰ AI ਦੀ ਵਰਤੋਂ ਕਰਦੇ ਸਮੇਂ ਸੁਰੱਖਿਅਤ ਰੱਖਣ ਵਿੱਚ ਮਦਦ ਕਰਨਗੇ।

SB 1119 ਇਹ ਵੀ ਢੁਕਵੇਂ ਢੰਗ ਨਾਲ ਮੰਨਦਾ ਹੈ ਕਿ AI ਸਮਾਜਿਕ ਮੀਡੀਆ ਨਹੀਂ ਹੈ। ਇਹ ਬਿੱਲ ਨੌਜਵਾਨਾਂ ਨੂੰ AI ਨਾਲ ਸਿੱਖਣ, ਸਿਰਜਣ ਅਤੇ ਖੋਜ ਕਰਨ ਵਿੱਚ ਮਦਦ ਦੇਣ ਲਈ ਵਿਸ਼ੇਸ਼ ਤੌਰ ’ਤੇ ਤਿਆਰ ਸੁਰੱਖਿਆ ਉਪਾਅ ਸਥਾਪਤ ਕਰਦਾ ਹੈ। ਇਹ ਢਾਂਚਾ ਤਿਆਰ ਕਰਦਿਆਂ ਨੀਤੀ-ਨਿਰਮਾਤਾਵਾਂ ਨੇ ਕਿਸ਼ੋਰਾਂ ਲਈ ਸੁਰੱਖਿਅਤ ਅਤੇ ਉਮਰ-ਅਨੁਕੂਲ ਅਨੁਭਵਾਂ ਨੂੰ ਉਤਸ਼ਾਹਿਤ ਕਰਦੇ ਹੋਏ, ਵਿਦਿਅਕ ਅਤੇ ਸੁਰੱਖਿਆ-ਨਾਜ਼ੁਕ ਵਿਸ਼ੇਸ਼ਤਾਵਾਂ ਤੱਕ ਪਹੁੰਚ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ChatGPT ਦੀ ਮੈਮੋਰੀ ਵਿਸ਼ੇਸ਼ਤਾ ਦੀ ਜ਼ਿੰਮੇਵਾਰ ਵਰਤੋਂ ਵੀ ਸ਼ਾਮਲ ਹੈ।

ਕਿਸ਼ੋਰਾਂ ਲਈ ਸੁਰੱਖਿਅਤ ਅਤੇ ਵਧੇਰੇ ਲਾਹੇਵੰਦ ਅਨੁਭਵ ਤਿਆਰ ਕਰਨਾ

ਕਿਸ਼ੋਰਾਂ ਲਈ ChatGPT ਵਿੱਚ ਉਨ੍ਹਾਂ ਦੀ ਸਿੱਖਣ ਵਿੱਚ ਮਦਦ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀਆਂ ਗਈਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ, ਜਿਵੇਂ ਕਿ ਕਵਿਜ਼, ਸਿੱਖਣ ਸੰਬੰਧੀ ਦ੍ਰਿਸ਼-ਚਿੱਤਰ, ਅਤੇ ਸਟਡੀ ਮੋਡ। ਇਹਨਾਂ ਨੂੰ ਵਿਦਿਆਰਥੀਆਂ ਨੂੰ ਸਮੱਸਿਆਵਾਂ ਹੱਲ ਕਰਨ ਲਈ ਕਦਮ-ਦਰ-ਕਦਮ ਸੇਧ ਦੇਣ ਵਾਸਤੇ ਸਿੱਖਿਅਕਾਂ ਅਤੇ ਸਿੱਖਿਆ ਮਾਹਿਰਾਂ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਹੈ। ਇਨ੍ਹਾਂ ਸਾਧਨਾਂ ਦਾ ਉਦੇਸ਼ ਸਮਝ ਨੂੰ ਡੂੰਘਾ ਕਰਨਾ ਅਤੇ ਸਿੱਖਣ ਦੀਆਂ ਬਿਹਤਰ ਆਦਤਾਂ ਵਿਕਸਤ ਕਰਨ ਵਿੱਚ ਮਦਦ ਦੇਣਾ ਹੈ। ਮੈਮੋਰੀ ਸਮੇਤ ਪਿਛਲੀਆਂ ਗੱਲਬਾਤਾਂ ਦੇ ਸੰਦਰਭ ਦੀ ਵਰਤੋਂ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਸੁਰੱਖਿਆ ਉਪਾਵਾਂ ਨੂੰ ਲਗਾਤਾਰ ਲਾਗੂ ਕਰਨ, ਚਿੰਤਾਜਨਕ ਰੁਝਾਨ ਪਛਾਣਨ ਅਤੇ ਸਮੇਂ ਦੇ ਨਾਲ ਵਧੇਰੇ ਲਾਭਦਾਇਕ ਸਿੱਖਣ ਸਹਾਇਤਾ ਦੇਣ ਵਿੱਚ ਮਦਦ ਕਰਦੀਆਂ ਹਨ।

ਸੰਦਰਭ ਇਨ੍ਹਾਂ ਸੁਰੱਖਿਆ ਅਤੇ ਸਿੱਖਣ ਵਾਲੇ ਸਾਧਨਾਂ ਨੂੰ ਸਮੇਂ ਦੇ ਨਾਲ ਵਧੇਰੇ ਇਕਸਾਰ ਢੰਗ ਨਾਲ ਕੰਮ ਕਰਨ ਵਿੱਚ ਵੀ ਮਦਦ ਕਰਦਾ ਹੈ। ਮੈਮੋਰੀ ਵਰਗੀਆਂ ਵਿਸ਼ੇਸ਼ਤਾਵਾਂ ਰਾਹੀਂ ChatGPT ਪਿਛਲੀਆਂ ਗੱਲਬਾਤਾਂ ਦੀ ਸੰਬੰਧਿਤ ਜਾਣਕਾਰੀ ਅਤੇ ਤਰਜੀਹਾਂ ਨੂੰ ਅੱਗੇ ਵਰਤ ਸਕਦਾ ਹੈ। ਇਸ ਨਾਲ ਕਿਸ਼ੋਰ ਬਿਨਾਂ ਮੁੜ ਸ਼ੁਰੂ ਕੀਤੇ ਲੰਬੇ ਸਮੇਂ ਦੇ ਸਿੱਖਣ ਪ੍ਰੋਜੈਕਟ ਜਾਰੀ ਰੱਖ ਸਕਦੇ ਹਨ। ਇਹ ਨਿਰੰਤਰਤਾ ਨੁਕਸਾਨਦੇਹ ਰੁਝਾਨਾਂ ਨੂੰ ਹੋਰ ਮਜ਼ਬੂਤ ਹੋਣ ਤੋਂ ਰੋਕਣ ਅਤੇ ਜਦੋਂ ਕਿਸੇ ਨੌਜਵਾਨ ਨੂੰ ਵਾਧੂ ਮਦਦ ਜਾਂ ਸਰੋਤਾਂ ਦੀ ਲੋੜ ਹੋਵੇ ਤਾਂ ਵਧੇਰੇ ਪ੍ਰਭਾਵਸ਼ਾਲੀ ਜਵਾਬ ਦੇਣ ਵਿੱਚ ਵੀ ਸਹਾਇਕ ਹੋ ਸਕਦੀ ਹੈ।

ਸੁਰੱਖਿਆ ਅਤੇ ਸਿੱਖਣ ਵਿਚਕਾਰ ਸੰਤੁਲਨ ਬਣਾਉਣਾ ਸਾਡੇ ਲਈ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਸਾਲ ਦੌਰਾਨ ਅਸੀਂ ਪੈਰੈਂਟਲ ਕੰਟਰੋਲਜ਼, ਉਮਰ ਦਾ ਅਨੁਮਾਨ, ਆਪਣਾ ਕਿਸ਼ੋਰ ਸੁਰੱਖਿਆ ਖ਼ਾਕਾ ਅਤੇ ਸਾਡੇ ਮਾਡਲ ਸਪੈਕ ਵਿੱਚ 18 ਸਾਲ ਤੋਂ ਘੱਟ ਉਮਰ ਲਈ ਸਿਧਾਂਤ ਸ਼ਾਮਲ ਕੀਤੇ ਹਨ। ਮਾਡਲ ਸਪੈਕ ਦੇ ਨਿਯਮ ਇਹ ਸੇਧ ਦਿੰਦੇ ਹਨ ਕਿ ਸਾਡੇ ਮਾਡਲਾਂ ਨੂੰ ਕਿਵੇਂ ਵਿਹਾਰ ਕਰਨਾ ਚਾਹੀਦਾ ਹੈ। ਇਨ੍ਹਾਂ ਰਾਹੀਂ ਅਸੀਂ ਨੌਜਵਾਨਾਂ ਨਾਲ ਮਾਡਲਾਂ ਦੇ ਸੰਪਰਕ ਲਈ ਨਵੇਂ ਮਿਆਰ ਕਾਇਮ ਕੀਤੇ ਹਨ। ਇਹ ਨਿਯਮ ਰੋਮਾਂਟਿਕ ਸਬੰਧਾਂ, ਭਾਵਨਾਤਮਕ ਨਿਰਭਰਤਾ ਨੂੰ ਉਤਸ਼ਾਹਿਤ ਕਰਨ, ਅਤੇ ਇਸ ਦਾਅਵੇ ਦੀ ਮਨਾਹੀ ਕਰਦੇ ਹਨ ਕਿ ChatGPT ਕੋਈ ਮਨੁੱਖ ਹੈ ਜਾਂ ਇਸ ਵਿੱਚ ਚੇਤਨਾ ਹੈ। ਅਸੀਂ ਪੈਰੈਂਟਲ ਕੰਟਰੋਲਜ਼ ਵੀ ਪ੍ਰਦਾਨ ਕਰਦੇ ਹਾਂ, ਜਿਨ੍ਹਾਂ ਰਾਹੀਂ ਪਰਿਵਾਰ ਆਪਣੇ ਕਿਸ਼ੋਰਾਂ ਲਈ ਮੁੱਖ ਸੈਟਿੰਗਾਂ ਦਾ ਪ੍ਰਬੰਧ ਕਰ ਸਕਦੇ ਹਨ ਅਤੇ ਹਾਈ-ਜੋਖਮ ਵਾਲੀਆਂ ਸਥਿਤੀਆਂ ਵਿੱਚ ਸੂਚਨਾਵਾਂ ਪ੍ਰਾਪਤ ਕਰ ਸਕਦੇ ਹਨ।

SB 1119 ਕੈਲੀਫੋਰਨੀਆ ਵਿੱਚ ਨੌਜਵਾਨਾਂ ਦੀ AI ਸੁਰੱਖਿਆ ਲਈ ਇੱਕ ਮਜ਼ਬੂਤ ਢਾਂਚਾ ਸਥਾਪਤ ਕਰਦਾ ਹੈ। ਲਾਗੂਕਰਨ ਦੌਰਾਨ ਨਿਰੰਤਰ ਅਧਿਐਨ ਅਤੇ ਸਹਿਯੋਗ ਮੁੱਖ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਅਤੇ ਤਕਨਾਲੋਜੀ ਦੇ ਵਿਕਸਤ ਹੋਣ ਦੇ ਨਾਲ-ਨਾਲ ਇਸ ਢਾਂਚੇ ਨੂੰ ਪ੍ਰਭਾਵਸ਼ਾਲੀ ਰੱਖਣ ਵਿੱਚ ਮਦਦ ਕਰ ਸਕਦੇ ਹਨ। OpenAI ਇਸ ਕੰਮ ਵਿੱਚ ਸਹਿਯੋਗ ਦੇਣ ਅਤੇ ਅਜਿਹੇ AI ਅਨੁਭਵ ਬਣਾਉਂਦੇ ਰਹਿਣ ਲਈ ਉਤਸੁਕ ਹੈ ਜੋ ਕਿਸ਼ੋਰਾਂ ਨੂੰ ਕਿਸ਼ੋਰਾਂ ਵਾਂਗ ਹੀ ਸਮਝਣ, ਉਨ੍ਹਾਂ ਨੂੰ ਵਧੇਰੇ ਮਜ਼ਬੂਤ ਸਵੈਚਾਲਿਤ ਸੁਰੱਖਿਆ ਅਤੇ ਸਿੱਖਣ ਤੇ ਅੱਗੇ ਵਧਣ ਦੇ ਸਾਰਥਕ ਮੌਕੇ ਦੇਣ।