ਸੈਂਟੀਨਲਵਨ: ਮਾਲਵੇਅਰ ਦੀ ਜਾਂਚ ਹੁਣ ਹਫ਼ਤਿਆਂ ਦੀ ਥਾਂ ਘੰਟਿਆਂ ਵਿੱਚ
OpenAI ਡੇਬ੍ਰੇਕ ਨਾਲ ਸੈਂਟੀਨਲਵਨ ਮਾਲਵੇਅਰ ਦੀ ਜਾਂਚ ਹਫ਼ਤਿਆਂ ਦੀ ਥਾਂ ਘੰਟਿਆਂ ਵਿੱਚ ਕਰਦਾ ਹੈ, ਜਿਸ ਨਾਲ ਹੋਰ ਖ਼ਤਰਿਆਂ ਦੀ ਜਾਂਚ ਲਈ ਸਮਾਂ ਮਿਲਦਾ ਹੈ.

8
ਮਾਲਵੇਅਰ ਦੀ ਰਿਵਰਸ ਇੰਜੀਨੀਅਰਿੰਗ ਲਈ ਘੰਟੇ, ਪਹਿਲਾਂ 4–6 ਹਫ਼ਤੇ ਲੱਗਦੇ ਸਨ
ਕਿਸੇ ਜਟਿਲ ਮਾਲਵੇਅਰ ਦੀ ਰਿਵਰਸ ਇੰਜੀਨੀਅਰਿੰਗ ਕਰਨ ਵਿੱਚ ਇੱਕ ਚੋਟੀ ਦੇ ਸੁਰੱਖਿਆ ਖੋਜਕਾਰ ਨੂੰ ਚਾਰ ਤੋਂ ਛੇ ਹਫ਼ਤੇ ਲੱਗ ਸਕਦੇ ਹਨ. ਇਹ ਬਹੁਤ ਬਾਰੀਕੀ ਵਾਲਾ ਕੰਮ ਹੈ, ਜਿਸ ਵਿੱਚ ਖੋਜਕਾਰ ਸਾਫ਼ਟਵੇਅਰ ਦੇ ਹਿੱਸਿਆਂ ਨੂੰ ਵੱਖੋ-ਵੱਖ ਪਰਖ ਕੇ ਸਮਝਦੇ ਹਨ ਕਿ ਇਹ ਕਿਵੇਂ ਕੰਮ ਕਰਦਾ ਹੈ. ਨਵੀਂ ਜਾਣਕਾਰੀ ਮਿਲਣ ’ਤੇ ਉਨ੍ਹਾਂ ਨੂੰ ਅਕਸਰ ਪਹਿਲਾਂ ਕੀਤੀ ਜਾਂਚ ਮੁੜ ਕਰਨੀ ਪੈਂਦੀ ਹੈ. ਸੈਂਟੀਨਲਵਨ ਦੇ ਮੁੱਖ ਏਆਈ ਅਧਿਕਾਰੀ ਗ੍ਰੇਗਰ ਸਟੀਵਰਟ ਦਾ ਕਹਿਣਾ ਹੈ ਕਿ OpenAI ਡੇਬ੍ਰੇਕ ਹੁਣ ਲਗਭਗ ਅੱਠ ਘੰਟਿਆਂ ਵਿੱਚ ਮਨੁੱਖ ਦੇ ਪੱਧਰ ਦੀ ਗੁਣਵੱਤਾ ਵਾਲੇ ਰਿਵਰਸ ਇੰਜੀਨੀਅਰਿੰਗ ਨਤੀਜੇ ਦੇ ਸਕਦਾ ਹੈ.
ਡੂੰਘੇ ਵਿਸ਼ਲੇਸ਼ਣ ਲਈ ਲੱਗਣ ਵਾਲਾ ਸਮਾਂ ਘਟਾ ਕੇ, OpenAI ਸੈਂਟੀਨਲਵਨ ਦੇ ਖੋਜਕਾਰਾਂ ਨੂੰ ਹੋਰ ਮਾਲਵੇਅਰ ਦੀ ਜਾਂਚ ਕਰਨ ਅਤੇ ਵੱਖ-ਵੱਖ ਨਮੂਨਿਆਂ ਤੋਂ ਮਿਲੇ ਨਤੀਜਿਆਂ ਨੂੰ ਆਪਸ ਵਿੱਚ ਜੋੜਨ ਦੀ ਗੁੰਜਾਇਸ਼ ਦਿੰਦਾ ਹੈ. ਇਸ ਵਿਆਪਕ ਨਜ਼ਰੀਏ ਨਾਲ ਅਕਸਰ ਉਹ ਸੰਬੰਧ ਸਾਹਮਣੇ ਆਉਂਦੇ ਹਨ ਜੋ ਵੱਖੋ-ਵੱਖ ਕੀਤੀਆਂ ਜਾਂਚਾਂ ਵਿੱਚ ਨਜ਼ਰੋਂ ਓਹਲੇ ਰਹਿ ਸਕਦੇ ਹਨ. ਸਟੀਵਰਟ ਇਸ ਮੌਕੇ ਨੂੰ “ਅਜਿਹੀ ਖ਼ੁਫ਼ੀਆ ਜਾਣਕਾਰੀ ਹਾਸਲ ਕਰਨ ਦਾ ਸਾਧਨ ਦੱਸਦੇ ਹਨ, ਜਿਸ ਦਾ ਖ਼ਰਚਾ ਅਸੀਂ ਪਹਿਲਾਂ ਕਦੇ ਨਹੀਂ ਚੁੱਕ ਸਕਦੇ ਸੀ.”
“ਜਿਸ ਕੰਮ ਨੂੰ ਕਰਨ ਵਿੱਚ ਇੱਕ ਚੋਟੀ ਦੇ ਖੋਜਕਾਰ ਨੂੰ ਚਾਰ ਜਾਂ ਛੇ ਹਫ਼ਤੇ ਲੱਗਦੇ, ਏਆਈ ਹੁਣ ਉਹੀ ਕੰਮ ਲਗਭਗ ਅੱਠ ਘੰਟਿਆਂ ਵਿੱਚ ਮਨੁੱਖ ਦੇ ਪੱਧਰ ਦੀ ਗੁਣਵੱਤਾ ਨਾਲ ਕਰ ਰਿਹਾ ਹੈ.”
ਡੇਬ੍ਰੇਕ ਸੁਰੱਖਿਆ ਕਰਨ ਵਾਲਿਆਂ ਨੂੰ ਸਾਈਬਰ ਸੁਰੱਖਿਆ ਦੇ ਕੰਮ ਲਈ OpenAI ਮਾਡਲਾਂ ਤੱਕ ਪਹੁੰਚ ਦਿੰਦਾ ਹੈ. ਸੈਂਟੀਨਲਵਨ ਇਨ੍ਹਾਂ ਸਮਰੱਥਾਵਾਂ ਨਾਲ ਮਾਲਵੇਅਰ ਦੀ ਰਿਵਰਸ ਇੰਜੀਨੀਅਰਿੰਗ ਕਰਦਾ ਹੈ ਅਤੇ ਸਾਫ਼ਟਵੇਅਰ ਨੂੰ ਪਰਖ ਕੇ ਸਮਝਦਾ ਹੈ ਕਿ ਇਹ ਕਿਵੇਂ ਕੰਮ ਕਰਦਾ ਹੈ. ਤੇਜ਼ ਵਿਸ਼ਲੇਸ਼ਣ ਨਾਲ ਇਸ ਦੇ ਖੋਜਕਾਰ ਹੋਰ ਨਮੂਨਿਆਂ ਦੀ ਜਾਂਚ ਕਰ ਸਕਦੇ ਹਨ.
ਸਟੀਵਰਟ ਜ਼ੋਰ ਦਿੰਦੇ ਹਨ ਕਿ ਨਤੀਜੇ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਟੀਮ ਦੀ ਹੀ ਰਹਿੰਦੀ ਹੈ. ਉਹ ਕਹਿੰਦੇ ਹਨ, “ਸਿਰਫ਼ ਜਵਾਬਦੇਹੀ ਹੀ ਅਜਿਹੀ ਚੀਜ਼ ਹੈ ਜਿਸ ਨੂੰ ਸਵੈਚਾਲਿਤ ਨਹੀਂ ਕੀਤਾ ਜਾ ਸਕਦਾ.” “ਮਿਸਾਲ ਵਜੋਂ, ਸਾਫ਼ਟਵੇਅਰ ਦੀ ਬਣਤਰ ਬਦਲਣ ਦਾ ਫ਼ੈਸਲਾ ਲਓ. ਅਜਿਹੇ ਕੰਮ ਦੀ ਜਾਂਚ ਤੁਸੀਂ ਅਜੇ ਵੀ ਕਿਸੇ ਮਨੁੱਖ ਤੋਂ ਹੀ ਕਰਵਾਉਣਾ ਚਾਹੋਗੇ. ਪਰ ਖ਼ਾਸ ਨੁਕਸ ਦੂਰ ਕਰਨ ਜਾਂ ਅਜਿਹੇ ਬਦਲਾਅ ਕਰਨ ਲਈ ਸਵੈਚਾਲਨ ਵਧੇਰੇ ਢੁਕਵਾਂ ਹੋ ਸਕਦਾ ਹੈ, ਜਿਨ੍ਹਾਂ ਨਾਲ ਸਾਫ਼ਟਵੇਅਰ ਦੇ ਕੰਮ ਕਰਨ ਦਾ ਮੂਲ ਢੰਗ ਨਹੀਂ ਬਦਲਦਾ,” ਉਹ ਅੱਗੇ ਕਹਿੰਦੇ ਹਨ.
ਪਹਿਲਾਂ ਸੈਂਟੀਨਲਵਨ ਦੀਆਂ ਖੋਜ ਟੀਮਾਂ ਨੂੰ ਡੂੰਘੀ ਜਾਂਚ ਸਿਰਫ਼ ਉਨ੍ਹਾਂ ਖ਼ਤਰਿਆਂ ਤੱਕ ਸੀਮਤ ਰੱਖਣੀ ਪੈਂਦੀ ਸੀ ਜੋ ਉਨ੍ਹਾਂ ਨੂੰ ਸਭ ਤੋਂ ਦਿਲਚਸਪ ਜਾਂ ਮਹੱਤਵਪੂਰਨ ਲੱਗਦੇ ਸਨ. ਸਟੀਵਰਟ ਕਹਿੰਦੇ ਹਨ, “ਅਸੀਂ ਬਹੁਤ ਥੋੜ੍ਹੇ ਸਾਫ਼ਟਵੇਅਰਾਂ ਦੀ ਹੀ ਰਿਵਰਸ ਇੰਜੀਨੀਅਰਿੰਗ ਕਰ ਸਕਦੇ ਸੀ.” ਤੁਲਨਾ ਲਈ ਘੱਟ ਨਮੂਨੇ ਹੋਣ ਕਾਰਨ, ਉਨ੍ਹਾਂ ਕੋਲ ਖ਼ਤਰਿਆਂ ਵਿਚਕਾਰ ਸੰਬੰਧ ਲੱਭਣ ਦੇ ਮੌਕੇ ਵੀ ਘੱਟ ਸਨ.
“ਤੇਜ਼ ਰਿਵਰਸ ਇੰਜੀਨੀਅਰਿੰਗ ਸਾਨੂੰ ਮਾਲਵੇਅਰ ਦੀ ਦੁਨੀਆ ਦੇ ਕਿਤੇ ਵੱਡੇ ਹਿੱਸੇ ਨੂੰ ਸਮਝਣ ਅਤੇ ਇਸ ਵਿੱਚ ਆਉਂਦੇ ਬਦਲਾਵਾਂ ਨਾਲ ਤਾਲਮੇਲ ਰੱਖਣ ਦੇ ਯੋਗ ਬਣਾਉਂਦੀ ਹੈ. ਇਸ ਨਾਲ ਸਾਡੇ ਖੋਜਕਾਰਾਂ ਨੂੰ ਵਧੇਰੇ ਸਪਸ਼ਟ ਸਮਝ ਮਿਲਦੀ ਹੈ ਕਿ ਖ਼ਤਰੇ ਆਪਸ ਵਿੱਚ ਕਿਵੇਂ ਜੁੜੇ ਹਨ ਅਤੇ ਇਹ ਸੰਬੰਧ ਕਿਵੇਂ ਬਦਲਦੇ ਹਨ.”
ਡੇਬ੍ਰੇਕ ਨਾਲ ਤੇਜ਼ ਵਿਸ਼ਲੇਸ਼ਣ ਹੋਣ ਕਰਕੇ ਖੋਜਕਾਰਾਂ ਨੂੰ ਮਾਲਵੇਅਰ ਦੇ ਨਮੂਨਿਆਂ ਦੀ ਤੁਲਨਾ ਕਰਨ ਅਤੇ ਉਨ੍ਹਾਂ ਵਿੱਚ ਸਾਂਝੇ ਹਿੱਸੇ ਲੱਭਣ ਦੇ ਹੋਰ ਮੌਕੇ ਮਿਲਦੇ ਹਨ. ਮਿਸਾਲ ਵਜੋਂ, ਉੱਪਰੋਂ ਅਸੰਬੰਧਿਤ ਲੱਗਦੇ ਦੋ ਨਮੂਨਿਆਂ ਵਿੱਚ ਕੋਈ ਸਾਂਝਾ ਹਿੱਸਾ ਮਿਲਣ ਨਾਲ ਖੋਜਕਾਰਾਂ ਨੂੰ ਇੱਕ ਸੁਰਾਗ ਮਿਲ ਸਕਦਾ ਹੈ, ਜਿਸ ਦੇ ਆਧਾਰ ’ਤੇ ਉਹ ਕਿਸੇ ਗਾਹਕ ਲਈ ਜਾਂਚ ਨੂੰ ਅੱਗੇ ਵਧਾ ਸਕਦੇ ਹਨ.
ਹੋਰ ਵੱਧ ਨਮੂਨਿਆਂ ਤੋਂ ਮਿਲੇ ਨਤੀਜਿਆਂ ਦੀ ਤੁਲਨਾ ਕਰਨ ਨਾਲ ਖ਼ਤਰਿਆਂ ਵਿਚਕਾਰ ਵਿਆਪਕ ਸੰਬੰਧ ਵੀ ਸਾਹਮਣੇ ਆਉਂਦੇ ਹਨ. ਸਟੀਵਰਟ ਕਹਿੰਦੇ ਹਨ ਕਿ ਇਨ੍ਹਾਂ ਸੰਬੰਧਾਂ ਨੂੰ ਪਛਾਣਨ ਨਾਲ “ਤੁਸੀਂ ਖ਼ਤਰਿਆਂ ਨੂੰ ਪਹਿਲਾਂ ਹੀ ਰੋਕ ਸਕੋਗੇ ਅਤੇ ਆਪਣੀ ਸੁਰੱਖਿਆ ਲਈ ਅਗਾਊਂ ਕਦਮ ਚੁੱਕ ਸਕੋਗੇ.”
ਸਟੀਵਰਟ ਦਾ ਕਹਿਣਾ ਹੈ ਕਿ OpenAI ਦੀਆਂ ਸਾਈਬਰ ਸਮਰੱਥਾਵਾਂ ਤੱਕ ਪਹੁੰਚ ਨਾਲ ਸੈਂਟੀਨਲਵਨ ਵਿੱਚ ਹੋਰ ਲੋਕ ਸੁਰੱਖਿਆ ਦੇ ਕੰਮ ਦੀ ਜ਼ਿੰਮੇਵਾਰੀ ਲੈ ਸਕਦੇ ਹਨ. ਉਹ ਕਹਿੰਦੇ ਹਨ, “ਹੁਣ ਲਗਭਗ ਹਰ ਕਿਸੇ ਦੀ ਪਹੁੰਚ ਉਸ ਤਰ੍ਹਾਂ ਦੀ ਮੁਹਾਰਤ ਤੱਕ ਹੈ ਜੋ ਸ਼ਾਇਦ ਕੁਝ ਮਹੀਨੇ ਪਹਿਲਾਂ ਤੱਕ ਵੀ ਬਹੁਤ ਘੱਟ ਉਪਲਬਧ ਸੀ.” ਹੁਣ ਟੀਮ ਦੇ ਹੋਰ ਮੈਂਬਰ ਮਾਹਰਾਂ ਦੇ ਇੱਕ ਛੋਟੇ ਸਮੂਹ ’ਤੇ ਨਿਰਭਰ ਰਹਿਣ ਦੀ ਬਜਾਏ ਖ਼ੁਦ ਸਮੱਸਿਆਵਾਂ ਦੀ ਜਾਂਚ ਕਰ ਸਕਦੇ ਹਨ.
ਸਟੀਵਰਟ ਕੋਡ ਲਿਖਣ ਦੀ ਪ੍ਰਕਿਰਿਆ ਵਿੱਚ OpenAI ਦੀਆਂ ਸਾਈਬਰ ਸਮਰੱਥਾਵਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਨ, ਤਾਂ ਜੋ ਸੈਂਟੀਨਲਵਨ ਦੇ ਵਿਕਾਸਕਾਰ ਸਾਫ਼ਟਵੇਅਰ ਬਣਾਉਂਦੇ ਸਮੇਂ ਹੀ ਸੁਰੱਖਿਆ ਸਮੱਸਿਆਵਾਂ ਹੱਲ ਕਰ ਸਕਣ.
“ਵਿਕਾਸ ਟੀਮ ਦੇ ਹਰ ਮੈਂਬਰ ਨੂੰ ਮਾਹਰ ਪੱਧਰ ਦੀਆਂ ਸਾਈਬਰ ਸਮਰੱਥਾਵਾਂ ਦੇ ਕੇ OpenAI ਸੁਰੱਖਿਆ ਕਰਨ ਵਾਲਿਆਂ ਦਾ ਪੱਲੜਾ ਭਾਰੀ ਕਰ ਰਿਹਾ ਹੈ.”


