ਮੁੱਖ ਸਮੱਗਰੀ 'ਤੇ ਜਾਓ
OpenAI

30 ਸਤੰਬਰ 2026

ਸੁਰੱਖਿਆ

ਮਾਡਲ-ਡਿਸਟਿਲੇਸ਼ਨ ਦੀ ਤਾਲਮੇਲ ਵਾਲੀ ਮੁਹਿੰਮ ਨੂੰ ਰੋਕਣਾ

ਲੋਡ ਹੋ ਰਿਹਾ ਹੈ…

ਅਸੀਂ ਹਾਲ ਹੀ ਵਿੱਚ ਆਪਣੇ ਮਾਡਲਾਂ ਤੋਂ ਸੁਰੱਖਿਅਤ ਰੱਖੀ ਗਈ ਰੀਜ਼ਨਿੰਗ ਕੱਢਣ ਲਈ ਚਲਾਈ ਜਾ ਰਹੀ ਇੱਕ ਤਾਲਮੇਲ ਵਾਲੀ ਮੁਹਿੰਮ ਦੀ ਪਛਾਣ ਕਰਕੇ ਉਸ ਨੂੰ ਰੋਕਿਆ. ਇਸ ਦੀ ਸਭ ਤੋਂ ਪਹਿਲੀ ਸਰਗਰਮੀ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਦੇਖੀ ਗਈ ਸੀ. ਇਹ ਸਰਗਰਮੀ ਹਮਲਾਵਰ ਡਿਸਟਿਲੇਸ਼ਨ ਨਾਲ ਮੇਲ ਖਾਂਦੀ ਹੈ: ਕਿਸੇ ਹੋਰ ਮਾਡਲ ਨੂੰ ਸਿਖਲਾਈ ਦੇਣ, ਉਸ ਦੀ ਨਕਲ ਬਣਾਉਣ ਜਾਂ ਉਸ ਨੂੰ ਬਿਹਤਰ ਬਣਾਉਣ ਲਈ ਇੱਕ ਮਾਡਲ ਦੇ ਨਤੀਜਿਆਂ ਜਾਂ ਰੀਜ਼ਨਿੰਗ ਦੀ ਯੋਜਨਾਬੱਧ ਅਤੇ ਅਣਅਧਿਕਾਰਤ ਵਰਤੋਂ. ਸੁਰੱਖਿਅਤ ਰੱਖੀ ਗਈ ਰੀਜ਼ਨਿੰਗ ਕਿਸੇ ਕੰਮ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਦਾ ਮਾਡਲ ਦਾ ਅੰਦਰੂਨੀ ਰਿਕਾਰਡ ਹੁੰਦੀ ਹੈ. ਇਸ ਨੂੰ ਕੱਢਣ ਨਾਲ ਉਹ ਜਾਣਕਾਰੀ ਸਾਹਮਣੇ ਆ ਸਕਦੀ ਹੈ ਜੋ ਅੰਤਿਮ ਜਵਾਬ ਵਿੱਚ ਨਹੀਂ ਦਿੱਤੀ ਗਈ, ਅਤੇ ਦੂਜਿਆਂ ਨੂੰ ਮਾਡਲ ਦੀਆਂ ਸਮਰੱਥਾਵਾਂ ਦੀ ਨਕਲ ਕਰਨ ਵਿੱਚ ਮਦਦ ਮਿਲ ਸਕਦੀ ਹੈ.

ਇਸ ਮੁਹਿੰਮ ਨੂੰ ਚਲਾਉਣ ਵਾਲਿਆਂ ਨੇ ਨਾ ਤਾਂ ਸਾਡੀ ਇਨਕ੍ਰਿਪਸ਼ਨ ਤੋੜੀ, ਨਾ ਕਿਸੇ ਡੇਟਾਬੇਸ ਵਿੱਚ ਸੰਨ੍ਹ ਲਾਈ ਅਤੇ ਨਾ ਹੀ ਵਰਤੋਂਕਾਰਾਂ ਦੀਆਂ ਸੰਭਾਲੀਆਂ ਹੋਈਆਂ ਗੱਲਬਾਤਾਂ ਤੱਕ ਸਿੱਧੀ ਪਹੁੰਚ ਹਾਸਲ ਕੀਤੀ. ਇਸ ਦੀ ਬਜਾਏ, ਉਨ੍ਹਾਂ ਨੇ ਮਾਡਲ ਨਾਲ ਗੱਲਬਾਤ ਵਿੱਚ ਹੇਰਾਫੇਰੀ ਕੀਤੀ ਤਾਂ ਜੋ ਸੁਰੱਖਿਅਤ ਰੱਖੀ ਗਈ ਰੀਜ਼ਨਿੰਗ ਅਜਿਹੇ ਰੂਪਾਂ ਵਿੱਚ ਮੁੜ ਪੇਸ਼ ਹੋ ਸਕੇ ਜੋ ਬੇਨਤੀ ਕਰਨ ਵਾਲੇ ਨੂੰ ਦਿਸਣ. ਇਹ ਤਾਲਮੇਲ ਨਾਲ ਅਤੇ ਵੱਡੇ ਪੱਧਰ 'ਤੇ ਕੀਤਾ ਗਿਆ ਅਤੇ ਇਸ ਨੇ ਸਾਡੀਆਂ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ. ਇਸ ਹੇਰਾਫੇਰੀ ਦੀ ਗੁੰਜਾਇਸ਼ ਸਿਰਫ਼ OpenAI ਦੇ ਮਾਡਲਾਂ ਦੀ ਕਮਜ਼ੋਰੀ ਨਹੀਂ ਹੈ. ਹਮਲਾਵਰ ਡਿਸਟਿਲੇਸ਼ਨ ਵਿਰੁੱਧ ਸਾਂਝੇ ਬਚਾਅ ਨੂੰ ਮਜ਼ਬੂਤ ਕਰਨ ਲਈ ਅਸੀਂ ਫਰੰਟੀਅਰ ਮਾਡਲ ਫੋਰਮ ਰਾਹੀਂ ਉਦਯੋਗ ਦੇ ਭਾਈਵਾਲਾਂ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ.

ਇਹ ਜਾਣਕਾਰੀ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ, ਅਸੀਂ ਇਸ ਸਰਗਰਮੀ ਦੇ ਦਾਇਰੇ ਅਤੇ ਸੰਭਾਵੀ ਪ੍ਰਭਾਵ ਦੀ ਜਾਂਚ ਕੀਤੀ, ਆਪਣੇ ਰੋਕਥਾਮ ਉਪਾਅ ਲਾਗੂ ਕੀਤੇ ਅਤੇ ਖੋਜਕਰਤਾਵਾਂ ਤੇ ਉਦਯੋਗ ਦੇ ਭਾਈਵਾਲਾਂ ਨਾਲ ਜਾਣਕਾਰੀ ਸਾਂਝੀ ਕਰਕੇ ਉਨ੍ਹਾਂ ਦੀ ਰਾਇ ਲਈ, ਤਾਂ ਜੋ ਇਸ ਕਿਸਮ ਦੇ ਹਮਲੇ ਵਿਰੁੱਧ ਸੁਰੱਖਿਆ ਯਕੀਨੀ ਬਣਾਈ ਜਾ ਸਕੇ. ਰੋਕਥਾਮ ਅਤੇ ਜਾਂਚ ਦਾ ਹੋਰ ਕੰਮ ਜਾਰੀ ਹੈ. ਸਾਨੂੰ ਵਿਸ਼ਵਾਸ ਹੈ ਕਿ ਅਸੀਂ ਹੁਣ ਤੱਕ ਜੋ ਸਿੱਖਿਆ ਹੈ, ਉਸ ਨੂੰ ਸਾਂਝਾ ਕਰਨ ਨਾਲ ਇਸ ਖੇਤਰ ਨਾਲ ਜੁੜੇ ਹੋਰਾਂ ਨੂੰ ਵੀ ਆਪਣਾ ਬਚਾਅ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ.

ਅਸੀਂ ਕੀ ਦੇਖਿਆ

ਅਸੀਂ ਦੇਖਿਆ ਕਿ ਮੁਹਿੰਮ ਚਲਾਉਣ ਵਾਲਿਆਂ ਨੇ ਸੁਰੱਖਿਅਤ ਰੱਖੀ ਗਈ ਰੀਜ਼ਨਿੰਗ ਕੱਢਣ ਲਈ ਨਵੇਂ ਤਰੀਕੇ ਅਜ਼ਮਾਏ. ਇਨ੍ਹਾਂ ਵਿੱਚ ਇੱਕ ਗੱਲਬਾਤ ਤੋਂ ਇਨਕ੍ਰਿਪਟ ਕੀਤੀ ਰੀਜ਼ਨਿੰਗ ਦੀ ਨਕਲ ਕਰਕੇ ਦੂਜੀ ਗੱਲਬਾਤ ਵਿੱਚ ਮਾਡਲ ਨੂੰ ਉਸ ਲੁਕਵੀਂ ਰੀਜ਼ਨਿੰਗ ਨੂੰ ਡਿਕ੍ਰਿਪਟ ਕਰਨ ਅਤੇ ਲਿਖਤੀ ਰੂਪ ਵਿੱਚ ਪੇਸ਼ ਕਰਨ ਲਈ ਕਹਿਣਾ ਵੀ ਸ਼ਾਮਲ ਸੀ.

ਸੁਤੰਤਰ ਸੁਰੱਖਿਆ ਖੋਜਕਰਤਾਵਾਂ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਨੇ ਵੀ ਜ਼ਿੰਮੇਵਾਰ ਖੁਲਾਸੇ ਦੀ ਪ੍ਰਕਿਰਿਆ ਰਾਹੀਂ ਵੱਖ-ਵੱਖ ਮਾਡਲਾਂ ਵਿਚਕਾਰ ਅਤੇ ਗੱਲਬਾਤ ਦੀ ਕੰਪੈਕਸ਼ਨ ਨਾਲ ਜੁੜੀਆਂ ਸਬੰਧਤ ਕਮਜ਼ੋਰੀਆਂ ਸਾਡੇ ਧਿਆਨ ਵਿੱਚ ਲਿਆਂਦੀਆਂ. ਅਸੀਂ ਉਨ੍ਹਾਂ ਦੇ ਨਤੀਜਿਆਂ ਦੀ ਜਾਂਚ ਕੀਤੀ ਅਤੇ ਪੁਸ਼ਟੀ ਕੀਤੀ ਕਿ ਉਨ੍ਹਾਂ ਵੱਲੋਂ ਪਛਾਣੇ ਗਏ ਰਸਤਿਆਂ ਰਾਹੀਂ ਵਾਕਈ ਹਮਲਾ ਕੀਤਾ ਜਾ ਸਕਦਾ ਸੀ. ਉਨ੍ਹਾਂ ਦੇ ਕੰਮ ਨੇ ਸਾਨੂੰ ਇਸ ਵਿਆਪਕ ਹਮਲਾ-ਸ਼੍ਰੇਣੀ ਨੂੰ ਸਮਝਣ ਅਤੇ ਰੋਕਥਾਮ ਉਪਾਅ ਤੇਜ਼ੀ ਨਾਲ ਲਾਗੂ ਕਰਨ ਵਿੱਚ ਮਦਦ ਕੀਤੀ.

ਇਹ ਸਰਗਰਮੀ 1 ਜੁਲਾਈ ਨੂੰ ਸ਼ੁਰੂ ਹੋਈ ਅਤੇ ਪਹਿਲਾਂ ਇਸ ਦੀ ਮਾਤਰਾ ਘੱਟ ਸੀ. ਫਿਰ 24 ਅਤੇ 25 ਜੁਲਾਈ ਨੂੰ ਅਸੀਂ ਇਸ ਵਿੱਚ ਵੱਡਾ ਉਛਾਲ ਦੇਖਿਆ: 4,000 ਤੋਂ ਵੱਧ ਵਰਤੋਂਕਾਰਾਂ ਨੇ ਜਾਣਕਾਰੀ ਕੱਢਣ ਦੇ ਇੱਕ ਸਬੰਧਤ ਢੰਗ ਨਾਲ 16,000 ਬੇਨਤੀਆਂ1 ਕੀਤੀਆਂ. ਹੋਰ ਜਾਂਚ ਨਾਲ 15,000 ਤੋਂ ਵੱਧ ਵਰਤੋਂਕਾਰਾਂ ਦੇ ਇੱਕ ਸਮੂਹ ਵਿੱਚ ਸਬੰਧਤ ਪ੍ਰੌੰਪਟ-ਪੈਟਰਨ ਵਾਲੀ ਸਰਗਰਮੀ ਦੀ ਪਛਾਣ ਹੋਈ, ਜਿਸ ਨੂੰ ਅਸੀਂ 28 ਜੁਲਾਈ ਤੱਕ ਪੂਰੀ ਤਰ੍ਹਾਂ ਰੋਕ ਦਿੱਤਾ.

ਸਮੇਂ ਦੇ ਨਾਲ ਇਸ ਸਰਗਰਮੀ ਦੇ ਤਰੀਕੇ ਬਦਲਦੇ ਗਏ. ਇਸ ਨੇ ਮੁੜ ਸਪਸ਼ਟ ਕੀਤਾ ਕਿ ਹਮਲਾਵਰ ਡਿਸਟਿਲੇਸ਼ਨ ਇੱਕ ਵਿਆਪਕ ਸੁਰੱਖਿਆ ਚੁਣੌਤੀ ਹੈ, ਜਿਸ ਲਈ ਕਈ ਪਰਤਾਂ ਵਾਲੇ ਅਤੇ ਹਾਲਾਤ ਅਨੁਸਾਰ ਬਦਲਣ ਵਾਲੇ ਬਚਾਅ ਉਪਾਅ ਲੋੜੀਂਦੇ ਹਨ.

ਇਸ ਦੇ ਪਿੱਛੇ ਕੌਣ ਸੀ: ਸਾਡਾ ਮੁਲਾਂਕਣ

ਇਹ ਸਪਸ਼ਟ ਨਹੀਂ ਹੈ ਕਿ ਸਬੰਧਤ ਸਮੇਂ ਦੌਰਾਨ ਸਾਡੇ ਵੱਲੋਂ ਦੇਖੇ ਗਏ ਸਾਰੇ ਸੰਚਾਲਕ ਇੱਕੋ ਧਿਰ ਨਾਲ ਜੁੜੇ ਹੋਏ ਸਨ ਜਾਂ ਨਹੀਂ. ਪਰ ਸਾਡੇ ਮੁਲਾਂਕਣ ਅਨੁਸਾਰ, ਇਸ ਸਰਗਰਮੀ ਦੇ ਇੱਕ ਮੁੱਖ ਹਿੱਸੇ ਪਿੱਛੇ ਕਿਮੀ ਨੂੰ ਵਿਕਸਿਤ ਕਰਨ ਵਾਲੀ ਮੂਨਸ਼ਾਟ ਏਆਈ ਨਾਲ ਜੁੜੇ ਵਿਅਕਤੀ ਸਨ.

ਇਹ ਮਹੱਤਵਪੂਰਨ ਕਿਉਂ ਹੈ

ਹਮਲਾਵਰ ਡਿਸਟਿਲੇਸ਼ਨ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰੇ ਪੈਦਾ ਕਰਦੀ ਹੈ. ਕੱਢੀ ਗਈ ਰੀਜ਼ਨਿੰਗ ਦੀ ਵਰਤੋਂ ਕਿਸੇ ਹੋਰ ਮਾਡਲ ਨੂੰ ਸਿਖਲਾਈ ਦੇਣ ਲਈ ਕੀਤੀ ਜਾ ਸਕਦੀ ਹੈ, ਬਿਨਾਂ ਉਨ੍ਹਾਂ ਸੁਰੱਖਿਆ ਉਪਾਵਾਂ ਨੂੰ ਬਰਕਰਾਰ ਰੱਖੇ ਜੋ ਮੂਲ ਮਾਡਲ ਦੇ ਵਰਤੋਂਕਾਰਾਂ ਨੂੰ ਦਿਖਾਏ ਜਾਣ ਵਾਲੇ ਨਤੀਜਿਆਂ 'ਤੇ ਲਾਗੂ ਹੁੰਦੇ ਹਨ. ਵੱਡੇ ਪੱਧਰ 'ਤੇ ਡਿਸਟਿਲੇਸ਼ਨ ਨਾਲ ਉੱਨਤ ਸਮਰੱਥਾਵਾਂ ਨੂੰ ਦੂਜੇ ਮਾਡਲਾਂ ਤੱਕ ਪਹੁੰਚਾਉਣ ਦੀ ਰਫ਼ਤਾਰ ਵੀ ਵਧ ਸਕਦੀ ਹੈ, ਜਦਕਿ ਸੁਰੱਖਿਆ ਵਿੱਚ ਉੰਨਾ ਹੀ ਨਿਵੇਸ਼ ਕਰਨ ਦੀ ਲੋੜ ਨਹੀਂ ਪੈਂਦੀ. ਜਿਵੇਂ-ਜਿਵੇਂ ਮਾਡਲ ਅਜਿਹੇ ਖੇਤਰਾਂ ਵਿੱਚ ਸਮਰੱਥ ਹੁੰਦੇ ਹਨ ਜਿੱਥੇ ਉਨ੍ਹਾਂ ਦੀ ਵਰਤੋਂ ਲਾਭਦਾਇਕ ਅਤੇ ਨੁਕਸਾਨਦੇਹ ਦੋਵਾਂ ਮਕਸਦਾਂ ਲਈ ਹੋ ਸਕਦੀ ਹੈ, ਇਹ ਚਿੰਤਾਵਾਂ ਹੋਰ ਵਧਦੀਆਂ ਹਨ.

ਇਹ ਖ਼ਤਰਾ ਸਿਰਫ਼ OpenAI ਤੱਕ ਸੀਮਤ ਨਹੀਂ ਹੈ. ਜਿਵੇਂ ਉੱਪਰ ਦੱਸਿਆ ਗਿਆ ਹੈ, ਇਸੇ ਤਰ੍ਹਾਂ ਦੀਆਂ ਤਕਨੀਕਾਂ ਹੋਰ ਉੱਨਤ ਏਆਈ ਪ੍ਰਣਾਲੀਆਂ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ. ਇਸ ਲਈ ਇਹ ਇੱਕ ਸਾਂਝੀ ਸੁਰੱਖਿਆ ਚੁਣੌਤੀ ਹੈ ਜਿਸ ਨਾਲ ਨਜਿੱਠਣ ਲਈ ਪੂਰੇ ਉਦਯੋਗ ਵਿੱਚ ਤਾਲਮੇਲ ਦੀ ਲੋੜ ਹੈ.

ਅਸੀਂ ਕੀ ਕਦਮ ਚੁੱਕੇ

ਅਸੀਂ ਖਾਤਿਆਂ ਵਿਰੁੱਧ ਕਾਰਵਾਈ, ਤਕਨੀਕੀ ਨਿਯੰਤਰਣ ਅਤੇ ਭਾਈਵਾਲਾਂ ਨਾਲ ਤਾਲਮੇਲ ਰਾਹੀਂ ਇਸ ਹਾਲੀਆ ਡਿਸਟਿਲੇਸ਼ਨ ਮੁਹਿੰਮ ਨੂੰ ਰੋਕਣ ਦੇ ਉਪਾਅ ਕੀਤੇ. ਅਸੀਂ ਧੋਖਾਧੜੀ ਵਾਲੇ ਖਾਤਿਆਂ 'ਤੇ ਪਾਬੰਦੀਆਂ ਜਾਂ ਸੀਮਾਵਾਂ ਲਾਈਆਂ, ਖਾਤਾ ਬਣਾਉਣ ਅਤੇ ਬੁਨਿਆਦੀ ਢਾਂਚੇ ਨਾਲ ਜੁੜੇ ਨਿਯੰਤਰਣ ਮਜ਼ਬੂਤ ਕੀਤੇ ਅਤੇ ਸਬੰਧਤ ਨੈੱਟਵਰਕਾਂ ਦੀ ਨਿਗਰਾਨੀ ਵਧਾਈ.

ਅਸੀਂ ਸਾਰੇ ਵਰਤੋਂਕਾਰਾਂ, ਕਾਰਜ-ਸਥਾਨਾਂ, ਸੰਸਥਾਵਾਂ ਅਤੇ ਮਾਡਲ ਪਰਿਵਾਰਾਂ ਵਿੱਚ ਲੁਕਵੀਂ ਰੀਜ਼ਨਿੰਗ ਦੀ ਸੁਰੱਖਿਆ ਵੀ ਮਜ਼ਬੂਤ ਕੀਤੀ. ਅਸੀਂ ਉਹ ਰਸਤਾ ਬੰਦ ਕੀਤਾ ਜਿਸ ਰਾਹੀਂ ਕਿਸੇ ਹੋਰ ਵਰਤੋਂਕਾਰ ਦੀ ਇਨਕ੍ਰਿਪਟ ਕੀਤੀ ਰੀਜ਼ਨਿੰਗ ਪਹਿਲਾਂ ਤੋਂ ਰੱਖਣ ਵਾਲਾ ਵਿਅਕਤੀ ਉਸ ਨੂੰ ਮੁੜ ਚਲਾ ਕੇ ਉਸ ਦੀ ਸਮੱਗਰੀ ਕੱਢ ਸਕਦਾ ਸੀ. ਨਾਲ ਹੀ, ਅਸੀਂ ਅਜਿਹੀਆਂ ਜਾਂਚਾਂ ਜੋੜੀਆਂ ਜੋ ਲਗਾਤਾਰ ਆ ਰਹੇ ਨਤੀਜਿਆਂ ਵਿੱਚ ਰੀਜ਼ਨਿੰਗ ਜ਼ਾਹਰ ਕਰ ਸਕਣ ਵਾਲੀ ਸਮੱਗਰੀ ਨੂੰ ਪਛਾਣ ਕੇ ਰੋਕ ਸਕਣ. ਜਦੋਂ ਸਬੰਧਤ ਸਰਗਰਮੀ ਤੀਜੀਆਂ ਧਿਰਾਂ ਦੀਆਂ ਸੇਵਾਵਾਂ ਰਾਹੀਂ ਹੋਣ ਲੱਗੀ, ਤਾਂ ਅਸੀਂ ਉਨ੍ਹਾਂ ਸੇਵਾ-ਪ੍ਰਦਾਤਾਵਾਂ ਨਾਲ ਮਿਲ ਕੇ ਸ਼ਾਮਲ ਖਾਤਿਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਦੀ ਸਰਗਰਮੀ ਰੋਕੀ.

ਅੰਤ ਵਿੱਚ, ਅਸੀਂ ਫਰੰਟੀਅਰ ਮਾਡਲ ਫੋਰਮ ਅਤੇ ਜਾਣਕਾਰੀ ਸਾਂਝੀ ਕਰਨ ਦੇ ਢੁਕਵੇਂ ਸਰਕਾਰੀ ਮਾਧਿਅਮਾਂ ਰਾਹੀਂ ਸਬੰਧਤ ਨਤੀਜੇ ਸਾਂਝੇ ਕੀਤੇ, ਤਾਂ ਜੋ ਅਤਿ-ਆਧੁਨਿਕ ਮਾਡਲ ਬਣਾਉਣ ਵਾਲੇ ਹੋਰ ਵਿਕਾਸਕਾਰ ਅਤੇ ਜਨਤਕ ਖੇਤਰ ਦੇ ਭਾਈਵਾਲ ਵੀ ਅਜਿਹੀ ਸਰਗਰਮੀ ਦੀ ਭਾਲ ਕਰ ਸਕਣ ਅਤੇ ਆਪਣਾ ਬਚਾਅ ਮਜ਼ਬੂਤ ਕਰ ਸਕਣ. ਰੀਜ਼ਨਿੰਗ ਦੇ ਅਜਿਹੇ ਰਿਕਾਰਡਾਂ ਦੀ ਵਰਤੋਂ ਕਰਨ ਵਾਲੀਆਂ ਪ੍ਰਣਾਲੀਆਂ ਨੂੰ ਵੀ ਇਸ ਨਾਲ ਜੁੜੇ ਖ਼ਤਰੇ ਹੋ ਸਕਦੇ ਹਨ, ਜਿਨ੍ਹਾਂ ਨੂੰ ਦੂਜੀ ਥਾਂ ਲਿਜਾਇਆ ਜਾਂ ਮੁੜ ਚਲਾਇਆ ਜਾ ਸਕਦਾ ਹੈ.

ਅੱਗੇ ਕੀ ਹੋਵੇਗਾ

ਸਾਨੂੰ ਉਮੀਦ ਹੈ ਕਿ ਜਿਵੇਂ-ਜਿਵੇਂ ਅਤਿ-ਆਧੁਨਿਕ ਮਾਡਲ ਬਿਹਤਰ ਹੁੰਦੇ ਜਾਣਗੇ ਅਤੇ ਵੱਖ-ਵੱਖ ਧਿਰਾਂ ਉਨ੍ਹਾਂ ਦੀਆਂ ਸਮਰੱਥਾਵਾਂ ਦੀ ਨਕਲ ਕਰਨ ਦੇ ਸਸਤੇ ਤਰੀਕੇ ਲੱਭਣਗੀਆਂ, ਹਮਲਾਵਰ ਡਿਸਟਿਲੇਸ਼ਨ ਦੀਆਂ ਕੋਸ਼ਿਸ਼ਾਂ ਹੋਰ ਪੇਚੀਦਾ ਹੁੰਦੀਆਂ ਜਾਣਗੀਆਂ. ਇਸ ਸਰਗਰਮੀ ਤੋਂ ਬਚਾਅ ਲਈ ਕਈ ਪਰਤਾਂ ਵਾਲੇ ਨਿਯੰਤਰਣ ਅਤੇ ਹਾਲਾਤ ਅਨੁਸਾਰ ਲਗਾਤਾਰ ਬਦਲਾਅ ਜ਼ਰੂਰੀ ਹਨ.

ਇਹ ਕੰਮ ਹਾਲੇ ਪੂਰਾ ਨਹੀਂ ਹੋਇਆ ਹੈ. ਭਾਈਵਾਲਾਂ ਦੇ ਸਰਵਰਾਂ 'ਤੇ ਚੱਲਦੀਆਂ ਤੈਨਾਤੀਆਂ ਨੂੰ ਉਹੀ ਸੁਰੱਖਿਆ ਚਾਹੀਦੀ ਹੈ ਜੋ ਸਾਡੀਆਂ ਆਪਣੀਆਂ ਸੇਵਾਵਾਂ ਨੂੰ ਮਿਲਦੀ ਹੈ. ਟੂਲਾਂ ਦੇ ਨਤੀਜਿਆਂ ਰਾਹੀਂ ਹੋਣ ਵਾਲੇ ਹਮਲਿਆਂ ਤੋਂ ਬਚਾਅ ਲਈ ਅਜਿਹੇ ਉਪਾਅ ਲੋੜੀਂਦੇ ਹਨ ਜੋ ਸਿਰਫ਼ ਆਮ ਦਿਸਦੇ ਪਾਠ ਤੋਂ ਅੱਗੇ ਦੀ ਵੀ ਜਾਂਚ ਕਰਨ. ਅਸੀਂ ਟੂਲਾਂ ਦੀ ਸੁਰੱਖਿਆ, ਵਰਗੀਕਰਨ ਪ੍ਰਣਾਲੀਆਂ ਦੀ ਜਾਂਚ ਦੇ ਦਾਇਰੇ ਅਤੇ ਅਣਉਚਿਤ ਬੇਨਤੀਆਂ ਨੂੰ ਠੁਕਰਾਉਣ ਦੀ ਮਾਡਲਾਂ ਦੀ ਸਮਰੱਥਾ ਨੂੰ ਬਿਹਤਰ ਬਣਾਉਣਾ ਜਾਰੀ ਰੱਖ ਰਹੇ ਹਾਂ. ਨਾਲ ਹੀ, ਅਸੀਂ ਕਲਾਉਡ ਭਾਈਵਾਲਾਂ ਦੀਆਂ ਸੇਵਾਵਾਂ ਵਿੱਚ ਸਬੰਧਤ ਨਿਯੰਤਰਣ ਲਾਗੂ ਕਰ ਰਹੇ ਹਾਂ.

ਸਾਡੀ ਕਾਰਵਾਈ ਤਿੰਨ ਖੇਤਰਾਂ 'ਤੇ ਕੇਂਦਰਿਤ ਰਹੇਗੀ: ਜਾਣਕਾਰੀ ਕੱਢੇ ਜਾਣ ਵਿਰੁੱਧ ਮਜ਼ਬੂਤ ਤਕਨੀਕੀ ਸੁਰੱਖਿਆ, ਤਾਲਮੇਲ ਵਾਲੀਆਂ ਮੁਹਿੰਮਾਂ ਦੀ ਬਿਹਤਰ ਪਛਾਣ ਅਤੇ ਉਨ੍ਹਾਂ ਵਿਰੁੱਧ ਕਾਰਵਾਈ, ਅਤੇ ਉਦਯੋਗ ਤੇ ਸਰਕਾਰ ਵਿਚਕਾਰ ਖ਼ਤਰਿਆਂ ਬਾਰੇ ਜਾਣਕਾਰੀ ਦੀ ਹੋਰ ਵਿਆਪਕ ਸਾਂਝ.

ਲੇਖਕ

OpenAI

ਫੁੱਟਨੋਟ

  1. 1

    ਇਹ ਅੰਕੜੇ ਜਾਣਕਾਰੀ ਕੱਢਣ ਦੀਆਂ ਕੋਸ਼ਿਸ਼ਾਂ ਬਾਰੇ ਹਨ, ਜੋ ਜ਼ਰੂਰੀ ਨਹੀਂ ਕਿ ਸਫਲ ਹੋਈਆਂ ਹੋਣ.