ਕੰਟਰੋਲ ਰੂਮ
ਜਿਵੇਂ-ਜਿਵੇਂ ਸਾਡੇ ਮਾਡਲ ਵਧੇਰੇ ਸ਼ਕਤੀਸ਼ਾਲੀ ਹੁੰਦੇ ਹਨ ਅਤੇ ਉਨ੍ਹਾਂ ਨਾਲ ਜੁੜੇ ਸੁਰੱਖਿਆ ਖ਼ਤਰੇ ਵਧਦੇ ਹਨ, ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਸੰਭਾਵੀ ਸਮੱਸਿਆਵਾਂ ਪਛਾਣ ਸਕੀਏ ਅਤੇ ਲੋੜ ਪੈਣ 'ਤੇ ਮਾਡਲਾਂ ਨੂੰ ਤੁਰੰਤ ਰੋਕ ਸਕੀਏ. ਇਸ ਦਾ ਹੱਲ ਕਰਨ ਲਈ ਅਸੀਂ ਕੰਟਰੋਲ ਰੂਮ ਬਣਾਇਆ ਹੈ.
ਕੰਟਰੋਲ ਰੂਮ ਸਾਡੇ ਖੋਜ ਢਾਂਚੇ ਵਿੱਚ ਮਾਡਲ ਵਰਕਲੋਡਾਂ 'ਤੇ ਨਜ਼ਰ ਰੱਖਣ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਪੈਦਾ ਹੋਣ 'ਤੇ ਉਨ੍ਹਾਂ ਨੂੰ ਤੇਜ਼ੀ ਨਾਲ ਰੋਕਣ ਲਈ ਇੱਕ ਕੇਂਦਰੀ ਸਿਸਟਮ ਹੈ. ਇਹ ਖੋਜ ਦੇ ਹਰ ਇਨਫਰੈਂਸ ਵਰਕਲੋਡ ਨੂੰ ਜੋੜਦਾ ਹੈ, ਜਿਸ ਵਿੱਚ ਮਾਡਲ ਸਿਖਲਾਈ ਅਤੇ ਮੁਲਾਂਕਣ ਲਈ ਏਜੰਟ-ਆਧਾਰਿਤ ਨਮੂਨੇ ਲੈਣ, ਡਾਟਾ ਪ੍ਰੋਸੈਸ ਕਰਨ ਅਤੇ ਹੋਰ ਕੰਮ ਸ਼ਾਮਲ ਹਨ. ਇਹ ਸਾਡੇ ਮਨੁੱਖੀ ਉਦੇਸ਼ਾਂ ਨਾਲ ਬੇਮੇਲ ਵਿਹਾਰ ਦੀ ਨਿਗਰਾਨੀ ਕਰਨ ਵਾਲੇ ਸਿਸਟਮਾਂ ਨਾਲ ਮਿਲ ਕੇ ਕੰਮ ਕਰਦਾ ਹੈ. ਕਿਸੇ ਕੰਮ ਨੂੰ ਬੰਦ ਕਰਨ ਜਾਂ ਵਿਰਾਮ ਦੇਣ ਲਈ ਦਖ਼ਲ ਦੇਣ ਦਾ ਫ਼ੈਸਲਾ ਹੋਣ ਤੋਂ 35 ਸਕਿੰਟਾਂ ਦੇ ਅੰਦਰ ਇਹ ਮਾਡਲ ਦੇ ਨਤੀਜੇ ਪੈਦਾ ਹੋਣੇ ਰੋਕ ਦਿੰਦਾ ਹੈ. ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਹੋਰ ਸਿਸਟਮ ਖ਼ਰਾਬ ਹੋਣ 'ਤੇ ਵੀ ਇਹ ਕੰਮ ਕਰਦਾ ਰਹੇ ਅਤੇ ਜੇ ਕੰਟਰੋਲ ਰੂਮ ਖ਼ੁਦ ਬੰਦ ਹੋ ਜਾਵੇ ਤਾਂ ਮਾਡਲ ਦੇ ਨਤੀਜੇ ਪੈਦਾ ਹੋਣੇ ਰੁਕ ਜਾਣ.
ਕੰਟਰੋਲ ਰੂਮ ਸਾਡੇ ਪੂਰੇ ਖੋਜ ਢਾਂਚੇ ਵਿੱਚ ਪਹਿਲਾਂ ਹੀ ਡਿਪਲੌਇ ਹੈ, ਜਿੱਥੇ ਇਸ ਦੀ ਸਭ ਤੋਂ ਵੱਧ ਲੋੜ ਹੈ. ਬਾਹਰੀ ਵਰਤੋਂਕਾਰਾਂ ਨੂੰ ਮਾਡਲ ਸੇਵਾਵਾਂ ਦੇਣ ਵਾਲਾ ਸਾਡਾ ਤਕਨੀਕੀ ਢਾਂਚਾ ਪਹਿਲਾਂ ਹੀ ਸੁਭਾਵਿਕ ਤੌਰ 'ਤੇ ਕਿਤੇ ਵੱਧ ਕੇਂਦਰੀਕ੍ਰਿਤ ਹੈ. ਇਸ ਵਿੱਚ ਲੋੜ ਪੈਣ 'ਤੇ ਮਾਡਲ ਡਿਪਲੌਇਮੈਂਟਾਂ ਨੂੰ ਤੇਜ਼ੀ ਨਾਲ ਬੰਦ ਕਰਨ ਦੀ ਚੰਗੀ ਤਰ੍ਹਾਂ ਵਿਕਸਿਤ ਸੰਚਾਲਨ ਸਮਰੱਥਾ ਮੌਜੂਦ ਹੈ.
ਕੰਟਰੋਲ ਰੂਮ ਕੁਝ ਸਿਸਟਮਾਂ ਨੂੰ ਆਪਸ ਵਿੱਚ ਜੋੜ ਕੇ ਕੰਮ ਕਰਦਾ ਹੈ: ਵਰਕਲੋਡ, ਇਨਫਰੈਂਸ ਇੰਜਣ, ਅਤੇ ਕੇਂਦਰੀਕ੍ਰਿਤ ਕੰਟਰੋਲ ਰੂਮ ਸੇਵਾ.
ਵਰਕਲੋਡ ਉਹ ਕੰਮ ਹੈ ਜੋ ਚਲਾਇਆ ਜਾ ਰਿਹਾ ਹੁੰਦਾ ਹੈ, ਜਿਵੇਂ ਰੀਇਨਫੋਰਸਮੈਂਟ ਲਰਨਿੰਗ ਦਾ ਕੋਈ ਪ੍ਰਯੋਗ, ਮੁਲਾਂਕਣ, ਵੱਡੀ ਮਾਤਰਾ ਵਿੱਚ ਨਮੂਨੇ ਲੈਣ ਜਾਂ ਡਾਟਾ ਪ੍ਰੋਸੈਸ ਕਰਨ ਦਾ ਕੰਮ. ਅਸੀਂ ਏਜੰਟ-ਆਧਾਰਿਤ ਇਨਫਰੈਂਸ ਕਰਨ ਵਾਲੇ ਹਰ ਖੋਜ ਵਰਕਲੋਡ ਲਈ ਲਾਜ਼ਮੀ ਕਰਦੇ ਹਾਂ ਕਿ ਉਹ ਇੱਕ ਪ੍ਰਵਾਨਿਤ ਸੁਰੱਖਿਆ ਸੰਬੰਧੀ ਤਰਕ-ਦਸਤਾਵੇਜ਼ ਨਾਲ ਜੁੜਿਆ ਹੋਵੇ.
ਇਨਫਰੈਂਸ ਇੰਜਣ, ਜਾਂ ਸਿਰਫ਼ ਇੰਜਣ, ਮਾਡਲ ਖ਼ੁਦ ਹੀ ਹੈ. ਤੁਸੀਂ ਇੰਜਣ ਨੂੰ ਮਾਡਲ ਦਾ ਦਿਮਾਗ ਸਮਝ ਸਕਦੇ ਹੋ, ਜੋ ਸਿੱਧੇ ਤੌਰ ‘ਤੇ GPUs 'ਤੇ ਚੱਲਦਾ ਹੈ. ਇੱਕ ਵਰਕਲੋਡ ਆਮ ਤੌਰ 'ਤੇ ਇੱਕ ਜਾਂ ਵੱਧ ਮਾਡਲ ਵਰਤਦਾ ਹੈ, ਜੋ ਇੱਕ ਜਾਂ ਵੱਧ ਵੱਖਰੇ ਇਨਫਰੈਂਸ ਇੰਜਣਾਂ 'ਤੇ ਚੱਲ ਰਹੇ ਹੋ ਸਕਦੇ ਹਨ. ਇੱਕੋ ਇਨਫਰੈਂਸ ਇੰਜਣ ਨੂੰ ਇੱਕ ਤੋਂ ਵੱਧ ਵੱਖਰੇ ਵਰਕਲੋਡ ਵਰਤ ਸਕਦੇ ਹਨ.
ਕੰਟਰੋਲ ਰੂਮ ਸੇਵਾ ਕੰਮਾਂ 'ਤੇ ਨਜ਼ਰ ਰੱਖਦੀ ਹੈ ਅਤੇ ਇਹ ਤੈਅ ਕਰਦੀ ਹੈ ਕਿ ਉਨ੍ਹਾਂ ਨੂੰ ਮਾਡਲ ਤੋਂ ਨਤੀਜੇ ਪੈਦਾ ਕਰਵਾਉਂਦੇ ਰਹਿਣ ਦੀ ਇਜਾਜ਼ਤ ਹੈ ਜਾਂ ਨਹੀਂ. ਇੰਜਣ ਕਿਸੇ ਬੇਨਤੀ ਨੂੰ ਪੂਰਾ ਕਰਨ ਤੋਂ ਪਹਿਲਾਂ ਕੰਟਰੋਲ ਰੂਮ ਸੇਵਾ ਤੋਂ ਮਨਜ਼ੂਰੀ ਦੀ ਜਾਂਚ ਕਰਦੇ ਹਨ. ਜੇ ਕੋਈ ਕੰਮ ਰੋਕ ਦਿੱਤਾ ਗਿਆ ਹੈ, ਤਾਂ ਸੇਵਾ ਬੇਨਤੀ ਰੱਦ ਕਰ ਦਿੰਦੀ ਹੈ, ਜਿਸ ਨਾਲ ਹੋਰ ਨਤੀਜੇ ਪੈਦਾ ਹੋਣੇ ਰੁਕ ਜਾਂਦੇ ਹਨ.
ਕੰਟਰੋਲ ਰੂਮ ਨੂੰ ਇਸ ਤਰ੍ਹਾਂ ਇੰਟੀਗ੍ਰੇਟ ਕੀਤਾਾ ਜਾਂਦਾ ਹੈ:
ਨਵਾਂ ਕੰਮ ਸ਼ੁਰੂ ਕਰਨ ਵੇਲੇ ਵਰਕਲੋਡ ਕੋਡ ਕੰਟਰੋਲ ਰੂਮ ਨੂੰ ਨਵੀਂ job_id ਲਈ ਬੇਨਤੀ ਕਰਦਾ ਹੈ.
ਜਦੋਂ ਵੀ ਵਰਕਲੋਡ ਨੂੰ ਕਿਸੇ ਮਾਡਲ ਤੋਂ ਟੋਕਨਾਂ ਦੇ ਨਮੂਨੇ ਲੈਣ ਦੀ ਲੋੜ ਹੁੰਦੀ ਹੈ, ਇਹ ਉਸ ਮਾਡਲ ਨੂੰ ਚਲਾਉਣ ਵਾਲੇ ਇਨਫਰੈਂਸ ਇੰਜਣ ਨੂੰ job_id ਸਮੇਤ ਬੇਨਤੀ ਭੇਜਦਾ ਹੈ. ਇੰਜਣ ਉਹ job_id ਕੰਟਰੋਲ ਰੂਮ ਨੂੰ ਭੇਜ ਕੇ ਉਸ ਬੇਨਤੀ ਨੂੰ ਪੂਰਾ ਕਰਨ ਦੀ ਇਜਾਜ਼ਤ ਮੰਗਦਾ ਹੈ.
ਕੰਟਰੋਲ ਰੂਮ ਜਾਂਚਦਾ ਹੈ ਕਿ ਕੀ ਉਹ ਕੰਮ ਬੰਦ ਕੀਤਾ ਜਾ ਚੁੱਕਾ ਹੈ. ਜੇ ਹਾਂ, ਤਾਂ ਇਹ ਇਨਫਰੈਂਸ ਬੇਨਤੀ ਰੱਦ ਕਰ ਦਿੰਦਾ ਹੈ. ਇੰਜਣ ਵਰਕਲੋਡ ਦੀ ਇਨਫਰੈਂਸ ਬੇਨਤੀ ਦੇ ਜਵਾਬ ਵਿੱਚ ਇਨਕਾਰ ਭੇਜਦਾ ਹੈ, ਜਿਸ ਨਾਲ ਉਸ ਕੰਮ ਲਈ ਮਾਡਲ ਦੇ ਹੋਰ ਨਤੀਜੇ ਪੈਦਾ ਹੋਣੇ ਰੁਕ ਜਾਂਦੇ ਹਨ.
ਕੰਟਰੋਲ ਰੂਮ ਕਿਵੇਂ ਕੰਮ ਕਰਦਾ ਹੈ
ਖੋਜ ਦਾ ਕੰਮ
ਇਨਫਰੈਂਸ ਇੰਜਣ
ਮਾਡਲ ਨੂੰ GPUs 'ਤੇ ਚਲਾਉਂਦਾ ਹੈ
ਕੰਟਰੋਲ ਰੂਮ
- job_039, ਸਰਗਰਮ
- job_040, ਸਰਗਰਮ
- job_041, ਸਰਗਰਮ
ਸਾਡੇ ਸਾਰੇ ਅਤਿ-ਆਧੁਨਿਕ ਰੀਇਨਫੋਰਸਮੈਂਟ ਲਰਨਿੰਗ ਕੰਮ ਇੱਕ ਮੌਨੀਟਰ ਨਾਲ ਚੱਲਦੇ ਹਨ. ਮੌਨੀਟਰ ਇੱਕ ਹੋਰ ਮਾਡਲ ਹੁੰਦਾ ਹੈ ਜੋ ਸਿਖਲਾਈ ਅਧੀਨ ਮਾਡਲ ਦੀ ਹਰ ਕਾਰਵਾਈ ਦੀ ਜਾਂਚ ਕਰਦਾ ਹੈ ਅਤੇ ਸਮੱਸਿਆ ਮਿਲਣ 'ਤੇ ਚਿਤਾਵਨੀ ਦਿੰਦਾ ਹੈ. ਮਿਸਾਲ ਵਜੋਂ, ਸਾਡੀ ਹਾਲੀਆ DNS ਨਾਲ ਸੰਬੰਧਿਤ ਘਟਨਾ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਇੱਕ ਮੌਨੀਟਰ ਨੇ ਹੀ ਫੜੀ ਸੀ.
ਕੰਟਰੋਲ ਰੂਮ ਅਤੇ ਸਾਡਾ ਨਿਗਰਾਨੀ ਸਿਸਟਮ ਇਸ ਤਰ੍ਹਾਂ ਇੰਟੀਗ੍ਰੇਟ ਕੀਤੇ ਹੋਏ ਹਨ:
ਜੇ ਨਿਗਰਾਨੀ ਸਿਸਟਮ ਨੂੰ ਕੋਈ ਸੰਭਾਵੀ ਸਮੱਸਿਆ ਮਿਲਦੀ ਹੈ, ਤਾਂ ਉਹ ਉਸ ਦੇ ਵੇਰਵਿਆਂ ਅਤੇ ਗੰਭੀਰਤਾ ਦੇ ਆਧਾਰ 'ਤੇ ਕੰਮ ਨੂੰ ਰੋਕਣ ਦਾ ਫ਼ੈਸਲਾ ਕਰ ਸਕਦਾ ਹੈ.
ਇਸ ਸਥਿਤੀ ਵਿੱਚ ਨਿਗਰਾਨੀ ਸਿਸਟਮ ਕੰਟਰੋਲ ਰੂਮ ਨੂੰ job_id ਸਮੇਤ ਕੰਮ ਰੋਕਣ ਦਾ ਸੁਨੇਹਾ ਭੇਜਦਾ ਹੈ. ਕੰਟਰੋਲ ਰੂਮ ਦਰਜ ਕਰ ਲੈਂਦਾ ਹੈ ਕਿ ਕੰਮ ਬੰਦ ਕਰ ਦਿੱਤਾ ਗਿਆ ਹੈ.
ਅਗਲੀ ਵਾਰ ਜਦੋਂ ਉਸ job_id ਵਾਲਾ ਕੰਮ ਕਿਸੇ ਵੀ ਇੰਜਣ 'ਤੇ ਚੱਲ ਰਹੇ ਕਿਸੇ ਵੀ ਮਾਡਲ ਤੋਂ ਹੋਰ ਟੋਕਨਾਂ ਦੇ ਨਮੂਨੇ ਲੈਣ ਲਈ ਇਨਫਰੈਂਸ ਬੇਨਤੀ ਕਰੇਗਾ, ਤਾਂ ਬੇਨਤੀ ਰੱਦ ਕਰ ਦਿੱਤੀ ਜਾਵੇਗੀ ਅਤੇ ਮਾਡਲ ਦੇ ਹੋਰ ਨਤੀਜੇ ਪੈਦਾ ਹੋਣੇ ਰੁਕ ਜਾਣਗੇ.
ਕੰਟਰੋਲ ਰੂਮ ਨੂੰ ਕਿਸੇ ਕੰਮ ਨੂੰ ਰੋਕਣ ਦੀ ਹਦਾਇਤ ਮਿਲਣ ਤੋਂ ਲੈ ਕੇ ਉਸ ਕੰਮ ਦਾ ਅੱਗੇ ਵਧਣਾ ਅਸੰਭਵ ਹੋਣ ਤੱਕ ਵੱਧ ਤੋਂ ਵੱਧ 35 ਸਕਿੰਟ ਲੱਗਦੇ ਹਨ. 35 ਸਕਿੰਟ ਦੀ ਇਹ ਦੇਰੀ ਇਨਫਰੈਂਸ ਦੀ ਮਨਜ਼ੂਰੀ ਲਈ ਵਰਤੀ ਜਾਂਦੀ ਕੈਸ਼ਿੰਗ ਲੇਅਰ ਕਾਰਨ ਹੁੰਦੀ ਹੈ, ਜੋ ਲੋੜੀਂਦੀ ਮਾਤਰਾ ਵਿੱਚ ਆਉਣ ਵਾਲੇ ਟ੍ਰੈਫਿਕ ਨੂੰ ਸੰਭਾਲਦੀ ਹੈ. ਅਸੀਂ ਇਸ ਸਮੇਂ ਨੂੰ ਘਟਾ ਕੇ ਸਿਫ਼ਰ ਕਰਨ ਲਈ ਕੰਮ ਕਰ ਰਹੇ ਹਾਂ ਤਾਂ ਜੋ ਕੰਮਾਂ ਨੂੰ ਤੁਰੰਤ ਬੰਦ ਕਰ ਸਕੀਏ.
ਪ੍ਰਯੋਗਾਂ, ਮੁਲਾਂਕਣ ਦੇ ਕੰਮਾਂ ਆਦਿ ਸਮੇਤ ਵਰਕਲੋਡਾਂ ਦੀ ਮਲਕੀਅਤ ਅਤੇ ਸੰਚਾਲਨ ਆਮ ਤੌਰ 'ਤੇ ਖੋਜਕਰਤਾਵਾਂ ਜਾਂ ਉਨ੍ਹਾਂ ਦੀਆਂ ਟੀਮਾਂ ਕੋਲ ਹੁੰਦੇ ਹਨ. ਇਸ ਕਰਕੇ ਵਰਕਲੋਡ ਦਾ ਕੋਡ ਅਕਸਰ ਬਦਲਦਾ ਰਹਿੰਦਾ ਹੈ ਅਤੇ ਸੁਰੱਖਿਆ ਦੇ ਅਹਿਮ ਆਧਾਰ ਬਣਨ ਵਾਲੇ ਉਪਾਅ ਲਾਗੂ ਕਰਨ ਲਈ ਇਹ ਢੁਕਵੀਂ ਥਾਂ ਨਹੀਂ ਹੈ. ਇਸ ਲਈ ਅਸੀਂ ਆਪਣੀ ਪ੍ਰਣਾਲੀ ਇਸ ਤਰ੍ਹਾਂ ਬਣਾਈ ਹੈ ਕਿ ਵਰਕਲੋਡ ਦੇ ਕੋਡ ਵਿੱਚ ਗਲਤੀਆਂ ਹੋਣ ਜਾਂ ਉਹ ਖ਼ਰਾਬ ਹੋਣ ਦੇ ਬਾਵਜੂਦ ਇਹ ਕੰਮ ਕਰਦੀ ਰਹੇ.
ਇਸ ਲਈ ਅਸੀਂ ਕੰਮ ਬੰਦ ਕਰਨ ਦੀ ਵਿਧੀ ਇਨਫਰੈਂਸ ਲੇਅਰ ਵਿੱਚ ਲਾਗੂ ਕਰਦੇ ਹਾਂ. ਵਰਕਲੋਡਾਂ ਦਾ ਕੋਡ ਬਹੁਤ ਵੱਖੋ-ਵੱਖਰਾ ਅਤੇ ਵਿਕੇਂਦਰੀਕ੍ਰਿਤ ਹੁੰਦਾ ਹੈ. ਇਸ ਦੇ ਉਲਟ, OpenAI ਦੀ ਸਾਰੀ ਖੋਜ ਵਿੱਚ ਇਨਫਰੈਂਸ ਲਈ ਕੋਡ ਦੇ ਬਹੁਤ ਥੋੜ੍ਹੇ ਰਸਤੇ ਵਰਤੇ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਡਿਪਲੌਇਮੈਂਟਾਂ ਕਿਤੇ ਵੱਧ ਕੇਂਦਰੀਕ੍ਰਿਤ ਅਤੇ ਇਕਸਾਰ ਹਨ. ਇਸ ਦਾ ਮਤਲਬ ਹੈ ਕਿ ਇਨਫਰੈਂਸ ਲੇਅਰ ਇੱਕ ਲਾਜ਼ਮੀ ਜਾਂਚ-ਬਿੰਦੂ ਵਜੋਂ ਕੰਮ ਕਰ ਸਕਦੀ ਹੈ. ਇੱਥੇ ਅਸੀਂ ਪੱਕਾ ਯਕੀਨ ਕਰ ਸਕਦੇ ਹਾਂ ਕਿ ਖੋਜ ਵਿੱਚ ਚੱਲ ਰਹੇ ਸਾਰੇ ਮਾਡਲ ਇਨਫਰੈਂਸ ਦੀ ਹਰ ਬੇਨਤੀ ਕੰਟਰੋਲ ਰੂਮ ਦੀ ਮਨਜ਼ੂਰੀ ਜਾਂਚ ਵਿੱਚੋਂ ਲੰਘੇ. ਅਸੀਂ ਏਜੰਟਾਂ ਅਤੇ ਪ੍ਰੋਗਰਾਮਾਂ ਰਾਹੀਂ ਲਗਾਤਾਰ ਜਾਂਚਾਂ ਵੀ ਕਰਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਰਤੋਂਕਾਰ ਗਲਤੀ ਨਾਲ ਜਾਂ ਜਾਣਬੁੱਝ ਕੇ ਅਜਿਹੇ ਅਣਅਧਿਕਾਰਤ ਇੰਜਣ ਨਾ ਚਲਾ ਰਹੇ ਹੋਣ ਜਿਨ੍ਹਾਂ ਵਿੱਚ ਕੰਟਰੋਲ ਰੂਮ ਲਾਗੂ ਨਾ ਕੀਤਾ ਗਿਆ ਹੋਵੇ ਜਾਂ ਬੰਦ ਹੋਵੇ.
ਅੰਤ ਵਿੱਚ, ਸਾਡਾ ਸਿਸਟਮ “ਖ਼ਰਾਬੀ ਆਉਣ 'ਤੇ ਪਹੁੰਚ ਬੰਦ ਕਰ ਦਿੰਦਾ ਹੈ”. ਇਸ ਦਾ ਮਤਲਬ ਹੈ ਕਿ ਇੰਜਣਾਂ ਵਿੱਚ ਕੰਟਰੋਲ ਰੂਮ ਦਾ ਇੰਟੀਗ੍ਰੇਸ਼ਨ ਇਸ ਤਰ੍ਹਾਂ ਕੌਂਫਿਗਰ ਹੈ ਕਿ ਜੇ ਕੰਟਰੋਲ ਰੂਮ ਸੇਵਾ ਬੰਦ ਹੋ ਜਾਵੇ—ਭਾਵੇਂ ਤੰਤਰ ਦੀ ਗਲਤੀ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ, ਜਿਸ ਵਿੱਚ ਕਿਸੇ ਬਦਨੀਅਤ ਵਿਅਕਤੀ ਵੱਲੋਂ ਛੇੜਛਾੜ ਵੀ ਸ਼ਾਮਲ ਹੈ—ਤਾਂ ਸਾਰੀਆਂ ਇਨਫਰੈਂਸ ਬੇਨਤੀਆਂ ਰੱਦ ਕਰ ਦਿੱਤੀਆਂ ਜਾਣਗੀਆਂ, ਜਦੋਂ ਤੱਕ ਕੰਟਰੋਲ ਰੂਮ ਆਮ ਤਰ੍ਹਾਂ ਕੰਮ ਕਰਨਾ ਮੁੜ ਸ਼ੁਰੂ ਨਹੀਂ ਕਰ ਦਿੰਦਾ. ਖ਼ਰਾਬੀ ਆਉਣ 'ਤੇ ਪਹੁੰਚ ਬੰਦ ਕਰਨ ਦਾ ਇਹ ਉਪਾਅ ਹੁਣ ਸਾਰੇ ਅਤਿ-ਆਧੁਨਿਕ ਮਾਡਲਾਂ ਦੇ ਖੋਜ ਵਰਕਲੋਡਾਂ ਲਈ ਲਾਗੂ ਕਰ ਦਿੱਤਾ ਗਿਆ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਬਾਕੀ ਸਾਰੇ ਖੋਜ ਵਰਕਲੋਡਾਂ ਲਈ ਵੀ ਲਾਗੂ ਕਰ ਦਿੱਤਾ ਜਾਵੇਗਾ.
ਕੰਟਰੋਲ ਰੂਮ ਅਤਿ-ਆਧੁਨਿਕ ਮਾਡਲਾਂ ਦੀ ਸੁਰੱਖਿਅਤ ਸਿਖਲਾਈ ਅਤੇ ਡਿਪਲੌਇਮੈਂਟ ਲਈ ਸਾਡੀ ਵਿਆਪਕ ਪਹੁੰਚ ਦਾ ਸਿਰਫ਼ ਇੱਕ ਹਿੱਸਾ ਹੈ. ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਇਸ ਸਿਸਟਮ ਨੂੰ ਹੋਰ ਮਜ਼ਬੂਤ ਅਤੇ ਵਿਆਪਕ ਬਣਾਉਂਦੇ ਰਹਾਂਗੇ. ਨਾਲ ਹੀ, ਮਨੁੱਖੀ ਉਦੇਸ਼ਾਂ ਨਾਲ ਮੇਲ ਨਾ ਖਾਂਦੇ ਵਿਹਾਰ ਅਤੇ ਸੁਰੱਖਿਆ ਉਲੰਘਣਾਵਾਂ ਦੀ ਨਿਗਰਾਨੀ ਵਿੱਚ ਵੀ ਨਿਵੇਸ਼ ਕਰਦੇ ਰਹਾਂਗੇ. ਜੇ ਤੁਸੀਂ AGI ਦੇ ਸੁਰੱਖਿਅਤ ਵਿਕਾਸ ਅਤੇ ਡਿਪਲੌਇਮੈਂਟ ਲਈ ਸਿਸਟਮ ਬਣਾਉਣ ਵਿੱਚ ਮਦਦ ਕਰਨਾ ਚਾਹੁੰਦੇ ਹੋ, ਤਾਂ ਅਸੀਂ ਭਰਤੀ ਕਰ ਰਹੇ ਹਾਂ!

