ਹਰ ਕੁਝ ਪੀੜ੍ਹੀਆਂ ਬਾਅਦ, ਅਜਿਹੀ ਨਵੀਂ ਤਕਨਾਲੋਜੀ ਆਉਂਦੀ ਹੈ ਜੋ ਸਭ ਕੁਝ ਬਦਲ ਕੇ ਰੱਖ ਦਿੰਦੀ ਹੈ।
ਕਲਪਨਾ ਕਰੋ ਕਿ 1920 ਦੇ ਦਹਾਕੇ ਵਿੱਚ ਅਮਰੀਕਾ ਦੇ ਕਿਸੇ ਪੇਂਡੂ ਕਸਬੇ ਵਿੱਚ ਬਿਜਲੀ ਪਹੁੰਚ ਰਹੀ ਹੈ। ਬਿਜਲੀ ਦੀਆਂ ਲਾਈਨਾਂ ਆਉਣ ਤੋਂ ਪਹਿਲਾਂ, ਰੋਜ਼ਾਨਾ ਦੀ ਜ਼ਿੰਦਗੀ ਸਰੀਰਕ ਹੱਦਾਂ-ਸਰਹੱਦਾਂ ਵਿੱਚ ਬੱਝੀ ਹੋਈ ਸੀ: ਜਿਵੇਂ ਪਾਣੀ ਭਰ ਕੇ ਲਿਆਉਣਾ, ਹੱਥਾਂ ਨਾਲ ਕੱਪੜੇ ਧੋਣਾ, ਬਰਫ਼ ਰਾਹੀਂ ਭੋਜਨ ਨੂੰ ਸੁਰੱਖਿਅਤ ਰੱਖਣਾ, ਅਤੇ ਸੂਰਜ ਡੁੱਬਣ ਦੇ ਨਾਲ ਹੀ ਦਿਨ ਭਰ ਦੇ ਜ਼ਿਆਦਾਤਰ ਕੰਮਾਂ ਦਾ ਖ਼ਤਮ ਹੋ ਜਾਣਾ। ਬਿਜਲੀ ਨੇ ਰਾਤੋ-ਰਾਤ ਹਰ ਘਰ ਨੂੰ ਨਹੀਂ ਬਦਲਿਆ, ਅਤੇ ਇਸ ਦੇ ਬਹੁਤ ਸਾਰੇ ਲਾਭ ਲੋਕਾਂ ਤੱਕ ਬਰਾਬਰ ਰੂਪ ਵਿੱਚ ਨਹੀਂ ਪਹੁੰਚੇ। ਪਰ ਜਿਵੇਂ-ਜਿਵੇਂ ਇਸ ਦੀ ਪਹੁੰਚ ਵਧੀ, ਆਮ ਜ਼ਿੰਦਗੀ ਬਦਲ ਗਈ। ਰਾਤ ਦੇ ਚਾਨਣ ਨੇ ਦਿਨ ਦੇ ਸਮੇਂ ਨੂੰ ਵਧਾ ਦਿੱਤਾ। ਬਿਜਲੀ ਦੇ ਪੰਪਾਂ, ਘਰੇਲੂ ਉਪਕਰਨਾਂ ਅਤੇ ਫ਼ਰਿੱਜਾਂ ਨੇ ਰੋਜ਼ਾਨਾ ਦੀ ਕੁਝ ਸਭ ਤੋਂ ਸਖ਼ਤ ਮਿਹਨਤ ਨੂੰ ਘਟਾ ਦਿੱਤਾ। ਰੇਡੀਓ ਸੈਂਕੜੇ ਮੀਲ ਦੂਰ ਦੀਆਂ ਖ਼ਬਰਾਂ, ਸੰਗੀਤ ਅਤੇ ਆਪਸੀ ਜੁੜਾਅ ਨੂੰ ਘਰਾਂ ਅਤੇ ਭਾਈਚਾਰਕ ਸਾਂਝੀਆਂ ਥਾਵਾਂ ਤੱਕ ਲੈ ਆਏ।
ਬਿਜਲੀ ਦਾ ਪਹਿਲਾ ਵਾਅਦਾ ਵਿਹਾਰਕ ਸੀ, ਪਰ ਇਸ ਦਾ ਵਧੇਰੇ ਡੂੰਘਾ ਪ੍ਰਭਾਵ ਉਨ੍ਹਾਂ ਨਵੀਆਂ ਸੰਭਾਵਨਾਵਾਂ ਤੋਂ ਪੈਦਾ ਹੋਇਆ ਜੋ ਇਸ ਨੇ ਖੋਲ੍ਹੀਆਂ ਕਿਉਂਕਿ ਹੋਰ ਲੋਕ ਇਸ ਦੀ ਵਰਤੋਂ ਕਰ ਸਕਦੇ ਸਨ। ਸਮੇਂ ਦੇ ਨਾਲ, ਕਈ ਨਵੀਆਂ ਸੰਭਾਵਨਾਵਾਂ ਉੱਭਰੀਆਂ, ਜਿੱਥੇ ਮਸ਼ੀਨਾਂ ਅਤੇ ਕੰਪਿਊਟਰਾਂ ਨੇ ਚਿਕਿਤਸਾ, ਇੰਜੀਨੀਅਰਿੰਗ ਅਤੇ ਹੋਰ ਕਈ ਖੇਤਰਾਂ ਵਿੱਚ ਤਰੱਕੀ ਨੂੰ ਬਹੁਤ ਤੇਜ਼ ਕਰ ਦਿੱਤਾ। 20ਵੀਂ ਸਦੀ ਦੇ ਅੰਤ ਤੱਕ, ਔਸਤ ਉਮਰ 20 ਸਾਲ ਤੋਂ ਵੱਧ ਵਧ ਚੁੱਕੀ ਸੀ ਅਤੇ ਮਹਿੰਗਾਈ-ਸਮਾਯੋਜਿਤ ਮੱਧਮ ਆਮਦਨ ਲਗਭਗ ਤਿੰਨ ਗੁਣਾ ਹੋ ਗਈ ਸੀ। ਇਹ ਲਾਭ ਸਿਹਤ ਸੰਭਾਲ, ਸਫ਼ਾਈ ਅਤੇ ਰਹਿਣ-ਸਹਿਣ ਦੇ ਪੱਧਰ ਵਿੱਚ ਹੋਈ ਤਰੱਕੀ ਕਾਰਨ ਕੋਈ ਛੋਟੇ ਨਹੀਂ ਸਨ, ਜਿਨ੍ਹਾਂ ਵਿੱਚੋਂ ਕਈ ਵਿਆਪਕ ਬਿਜਲੀਕਰਨ ਅਤੇ ਇਸ ਨਾਲ ਜੁੜੀ ਤਕਨੀਕੀ ਤਰੱਕੀ ਨਾਲ ਸੰਭਵ ਹੋਏ ਜਾਂ ਹੋਰ ਤੇਜ਼ ਹੋਏ।
ਇਹੀ ਕੁਝ AI ਨਾਲ ਮੁੜ ਹੋ ਰਿਹਾ ਹੈ। AI ਜਲਦੀ ਹੀ ਅਸਾਧਾਰਣ ਕੰਮ ਕਰਨ ਦੇ ਸਮਰੱਥ ਹੋਵੇਗਾ। ਪਰ ਮੁੱਖ ਗੱਲ ਸਿਰਫ਼ ਤਕਨਾਲੋਜੀ ਦੀ ਨਹੀਂ ਹੈ। ਮੁੱਖ ਗੱਲ ਇਹ ਹੈ ਕਿ ਲੋਕ ਇਸ ਨਾਲ ਕੀ ਕਰ ਸਕਦੇ ਹਨ। ਇਹ ਕਿਸੇ ਦੇ ਮੈਡੀਕਲ ਬਿੱਲ ਨੂੰ ਸਮਝਣ, ਕੋਈ ਨਵਾਂ ਹੁਨਰ ਸਿੱਖਣ, ਕੋਈ ਛੋਟਾ ਕਾਰੋਬਾਰ ਸ਼ੁਰੂ ਕਰਨ, ਬਜ਼ੁਰਗ ਮਾਤਾ-ਪਿਤਾ ਦੀ ਦੇਖਭਾਲ ਕਰਨ, ਕਿਸੇ ਕਾਨੂੰਨੀ ਜਾਂ ਵਿੱਤੀ ਫੈਸਲੇ ਨੂੰ ਸਮਝਣ, ਕਿਸੇ ਵਿਚਾਰ ਨੂੰ ਹਕੀਕਤ ਵਿੱਚ ਬਦਲਣ, ਜਾਂ ਕੋਈ ਵਿਗਿਆਨਕ ਖੋਜ ਕਰਨ ਵਿੱਚ ਮਦਦ ਕਰ ਸਕਦਾ ਹੈ।
ਜਿੱਥੇ ਰਾਤ ਦੇ ਚਾਨਣ ਦਾ ਅਚੰਭਾ ਸ਼ਾਇਦ ਕਾਫ਼ੀ ਤੇਜ਼ੀ ਨਾਲ ਫ਼ਿੱਕਾ ਪੈ ਗਿਆ ਸੀ, ਉੱਥੇ ਲੋਕਾਂ ਨੇ ਇਸ ਨਾਲ ਕੀ ਕਰਨ ਦਾ ਫੈਸਲਾ ਕੀਤਾ, ਉਹ ਫ਼ਿੱਕਾ ਨਹੀਂ ਪਿਆ। ਅਤੇ ਕਿਉਂਕਿ ਤਕਨਾਲੋਜੀ ਸਮੇਂ ਦੇ ਨਾਲ ਖੁਸ਼ਹਾਲੀ ਲਿਆਉਣ ਦਾ ਭਰੋਸੇਮੰਦ ਜ਼ਰੀਆ ਰਹੀ ਹੈ, ਸਾਡਾ ਮੰਨਣਾ ਹੈ ਕਿ AI ਹਰ ਕਿਸੇ ਲਈ ਉਪਲਬਧ ਹੋਣਾ ਚਾਹੀਦਾ ਹੈ ਤਾਂ ਜੋ ਉਹ ਜਿੰਨੀ ਲੋੜ ਹੋਵੇ, ਜਿੱਥੇ ਅਤੇ ਜਿਵੇਂ ਚਾਹੁਣ, ਇਸ ਦੀ ਵਰਤੋਂ ਕਰ ਸਕਣ।
ਉਹ ਭਵਿੱਖ ਆਪਣੇ ਆਪ ਨਹੀਂ ਆਵੇਗਾ। ਕ੍ਰਾਂਤੀਕਾਰੀ ਤਕਨਾਲੋਜੀਆਂ ਤਾਕਤ ਨੂੰ ਕੇਂਦਰਿਤ ਕਰ ਸਕਦੀਆਂ ਹਨ, ਜਾਂ ਇਹ ਇਸ ਦਾ ਦਾਇਰਾ ਵਧਾ ਸਕਦੀਆਂ ਹਨ। ਇਹ ਕੁਝ ਲੋਕਾਂ ਲਈ ਜ਼ਿੰਦਗੀ ਨੂੰ ਆਸਾਨ ਬਣਾ ਸਕਦੀਆਂ ਹਨ, ਜਾਂ ਇਹ ਬਹੁਤ ਸਾਰੇ ਲੋਕਾਂ ਲਈ ਮੌਕਿਆਂ ਦਾ ਵਿਸਤਾਰ ਕਰ ਸਕਦੀਆਂ ਹਨ। ਸਾਡੀ ਪਹੁੰਚ ਇਸ ਵਿਸ਼ਵਾਸ 'ਤੇ ਅਧਾਰਿਤ ਹੈ ਕਿ AI ਨੂੰ ਲੋਕਾਂ ਲਈ ਕੰਮ ਕਰਨਾ ਚਾਹੀਦਾ ਹੈ: ਉਨ੍ਹਾਂ ਦੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨਾ, ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਵਧਾਉਣਾ, ਅਤੇ ਇਸ ਤਕਨਾਲੋਜੀ ਦੇ ਲਾਭਾਂ ਨੂੰ ਜਿੰਨਾ ਸੰਭਵ ਹੋ ਸਕੇ ਵਿਆਪਕ ਰੂਪ ਵਿੱਚ ਵੰਡਣਾ।
ਸਾਡੀ ਪਹਿਲੀ ਵਚਨਬੱਧਤਾ ਮਨੁੱਖਤਾ ਦੀ ਸੇਵਾ ਵਿੱਚ AI ਬਣਾਉਣ ਦੀ ਹੈ। ਇਸ ਦਾ ਅਰਥ ਹੈ ਕਿ ਅਸੀਂ ਲੋਕਾਂ ਨੂੰ ਵਿਆਪਕ ਤੌਰ 'ਤੇ ਸਮਰੱਥ ਬਣਾਉਣਾ ਚਾਹੁੰਦੇ ਹਾਂ, ਨਾ ਕਿ ਤਾਕਤ ਨੂੰ ਕੁਝ ਕੰਪਨੀਆਂ, ਸਰਕਾਰਾਂ ਜਾਂ ਵਿਅਕਤੀਆਂ ਵਿਚਕਾਰ ਕੇਂਦਰਿਤ ਹੁੰਦੇ ਦੇਖਣਾ। ਸਾਡਾ ਮੰਨਣਾ ਹੈ ਕਿ ਵਧੇਰੇ ਸੁਰੱਖਿਅਤ ਭਵਿੱਖ ਉਹ ਹੈ ਜਿੱਥੇ ਤਾਕਤ ਵਿਆਪਕ ਤੌਰ 'ਤੇ ਵੰਡੀ ਹੋਵੇ, ਤਾਂ ਜੋ ਦੁਨੀਆ ਦਾ ਵੱਡਾ ਹਿੱਸਾ ਲਚਕੀਲੇ ਈਕੋਸਿਸਟਮ ਦੇ ਨਿਰਮਾਣ ਵਿੱਚ ਹਿੱਸਾ ਲੈ ਸਕੇ।*
ਅਸੀਂ AI ਬਾਰੇ ਆਸ਼ਾਵਾਦੀ ਹਾਂ ਕਿਉਂਕਿ ਸਾਡਾ ਮੰਨਣਾ ਹੈ ਕਿ ਇਹ ਮਨੁੱਖੀ ਸਮਰੱਥਾ ਅਤੇ ਖੁਸ਼ਹਾਲੀ ਦਾ ਵਿਸਤਾਰ ਕਰ ਸਕਦਾ ਹੈ। ਪਰ ਅਸੀਂ ਇਸ ਦੇ ਜੋਖਮਾਂ ਬਾਰੇ ਵੀ ਪੂਰੀ ਤਰ੍ਹਾਂ ਸੁਚੇਤ ਹਾਂ। ਸ਼ਕਤੀਸ਼ਾਲੀ ਸਿਸਟਮਾਂ ਦਾ ਸੁਰੱਖਿਅਤ ਰਹਿਣਾ, ਮਨੁੱਖੀ ਇੱਛਾ ਦੇ ਅਨੁਕੂਲ ਹੋਣਾ, ਅਤੇ ਮਨੁੱਖੀ ਨਿਯੰਤਰਣ ਦੇ ਅਧੀਨ ਹੋਣਾ ਜ਼ਰੂਰੀ ਹੈ। OpenAI ਵਿਖੇ ਸਾਡਾ ਮਿਸ਼ਨ ਇਹ ਯਕੀਨੀ ਬਣਾਉਣਾ ਹੈ ਕਿ AGI ਸਾਰੀ ਮਨੁੱਖਤਾ ਨੂੰ ਲਾਭ ਪਹੁੰਚਾਏ। ਇਸ ਦਾ ਅਰਥ ਹੈ ਅਜਿਹੇ ਸਿਸਟਮ ਬਣਾਉਣਾ ਜੋ ਲੋਕਾਂ ਨੂੰ ਉਹ ਸਭ ਕੁਝ ਹੋਰ ਬਿਹਤਰ ਢੰਗ ਨਾਲ ਕਰਨ ਵਿੱਚ ਮਦਦ ਕਰਨ ਜੋ ਉਹ ਕਰਨਾ ਚਾਹੁੰਦੇ ਹਨ, ਨਾ ਕਿ ਅਜਿਹੇ ਸਿਸਟਮ ਬਣਾਉਣਾ ਜੋ ਇਸ ਗੱਲ ਦੇ ਮਨੁੱਖੀ ਫੈਸਲੇ ਦੀ ਜਗ੍ਹਾ ਲੈ ਲੈਣ ਕਿ ਕੀ ਮਹੱਤਵਪੂਰਨ ਹੈ।
ਹਰ ਚੀਜ਼ ਨੂੰ ਪੂਰੀ ਤਰ੍ਹਾਂ ਸਵੈਚਾਲਿਤ ਕਰਨਾ ਉਹ ਭਵਿੱਖ ਨਹੀਂ ਹੈ ਜੋ ਅਸੀਂ ਚਾਹੁੰਦੇ ਹਾਂ। ਇਹ ਅਸੰਤੁਸ਼ਟ ਕਰਨ ਵਾਲਾ ਹੋਵੇਗਾ, ਅਤੇ ਇਹ ਖ਼ਤਰਨਾਕ ਹੋਵੇਗਾ। AI ਨੂੰ ਲੋਕਾਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ, ਨਾ ਕਿ ਉਹਨਾਂ ਤੋਂ ਵੱਖ ਹੋਣਾ ਚਾਹੀਦਾ ਹੈ। ਜਿਵੇਂ-ਜਿਵੇਂ AI ਸਿਸਟਮ ਵਧੇਰੇ ਸਮਰੱਥ ਹੁੰਦੇ ਜਾਣਗੇ, ਮਨੁੱਖੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੁੰਦੀ ਜਾਵੇਗੀ: ਦਿਸ਼ਾ ਨਿਰਧਾਰਤ ਕਰਨਾ, ਆਪਸੀ ਸੰਤੁਲਨ ਬਣਾਉਣਾ, ਫੈਸਲੇ ਲੈਣਾ, ਅਤੇ ਕੰਮ ਵਿੱਚ ਕਦਰਾਂ-ਕੀਮਤਾਂ, ਰੁਚੀ, ਦੇਖਭਾਲ ਅਤੇ ਜ਼ਿੰਮੇਵਾਰੀ ਲਿਆਉਣਾ।
ਲੋਕਾਂ ਲਈ ਲੰਬੇ ਸਮੇਂ ਦੀ ਮੁੱਖ ਭੂਮਿਕਾ ਇਹ ਫੈਸਲਾ ਕਰਨਾ ਹੋਵੇਗਾ ਕਿ ਕੀ ਕਰਨ ਯੋਗ ਹੈ।
ਸਾਡਾ ਮੰਨਣਾ ਹੈ ਕਿ AI ਦੁਆਰਾ AI ਖੋਜ ਕਰਨਾ ਅਗਲੇ ਕੁਝ ਸਾਲਾਂ ਵਿੱਚ ਤਰੱਕੀ ਦੀ ਰਫ਼ਤਾਰ ਦਾ ਨਿਰਧਾਰਕ ਕਾਰਕ ਬਣ ਜਾਵੇਗਾ। ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਮਨੁੱਖੀ ਇੱਛਾ ਦੇ ਅਨੁਕੂਲ ਬਣਾਉਣਾ ਆਪਣੇ ਆਪ ਵਿੱਚ ਮੁਸ਼ਕਲ ਖੋਜ ਸਮੱਸਿਆ ਹੈ। ਤੇਜ਼ੀ ਅਤੇ ਡੂੰਘਾਈ ਨਾਲ ਤਰੱਕੀ ਲਈ, ਸਾਡੇ ਖੋਜਕਰਤਾਵਾਂ ਨੂੰ ਅਜਿਹੇ AI ਸਿਸਟਮਾਂ ਦੀ ਲੋੜ ਹੋਵੇਗੀ ਜੋ ਵਿਚਾਰਾਂ ਦੀ ਪਰਖ ਕਰਨ, ਗਲਤੀਆਂ ਲੱਭਣ, ਵਿਕਲਪਾਂ ਦੀ ਖੋਜ ਕਰਨ, ਅਤੇ ਸਾਡੇ ਨਾਲ ਮਿਲ ਕੇ ਕੰਮ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਸਕਣ।
ਪਰ ਤੇਜ਼ ਤਕਨੀਕੀ ਤਰੱਕੀ ਮਨੁੱਖੀ ਫੈਸਲੇ ਅਤੇ ਜਨਤਕ ਸਹਿਯੋਗ ਨੂੰ ਘੱਟ ਨਹੀਂ, ਸਗੋਂ ਵਧੇਰੇ ਮਹੱਤਵਪੂਰਨ ਬਣਾਉਂਦੀ ਹੈ। ਭਵਿੱਖ ਨੂੰ ਲੋਕਾਂ, ਸੰਸਥਾਵਾਂ ਅਤੇ ਸਮਾਜਾਂ ਵੱਲੋਂ ਘੜਿਆ ਜਾਣਾ ਚਾਹੀਦਾ ਹੈ, ਨਾ ਕਿ ਸਿਰਫ਼ ਸਭ ਤੋਂ ਸਮਰੱਥ ਪ੍ਰਣਾਲੀਆਂ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ।
ਜਿਵੇਂ-ਜਿਵੇਂ ਅਤਿ-ਆਧੁਨਿਕ AI ਦਾ ਵਿਕਾਸ ਜਾਰੀ ਰਹੇਗਾ, ਅਸੀਂ ਉਮੀਦ ਕਰਦੇ ਹਾਂ ਕਿ ਰਾਸ਼ਟਰੀ ਅਤੇ ਵਿਸ਼ਵ ਪੱਧਰੀ ਤਾਲਮੇਲ ਹੋਰ ਮਹੱਤਵਪੂਰਨ ਹੁੰਦਾ ਜਾਵੇਗਾ। ਸਾਡਾ ਲੰਬੇ ਸਮੇਂ ਤੋਂ ਇਹ ਮੰਨਣਾ ਰਿਹਾ ਹੈ ਕਿ ਆਖ਼ਿਰਕਾਰ ਅਜਿਹੀ ਅੰਤਰਰਾਸ਼ਟਰੀ ਸੰਸਥਾ ਹੋਣੀ ਚਾਹੀਦੀ ਹੈ ਜੋ ਵਿਨਾਸ਼ਕਾਰੀ ਜੋਖਮ ਨੂੰ ਘਟਾਉਣ ਲਈ ਪ੍ਰਮੁੱਖ AI ਯਤਨਾਂ ਵਿੱਚ ਤਾਲਮੇਲ ਬਣਾਉਣ ਵਿੱਚ ਮਦਦ ਕਰੇ। ਸਹਿਯੋਗ ਅਤੇ ਸਾਂਝੇ ਸੁਰੱਖਿਆ ਮਾਪਦੰਡ ਅੱਗੇ ਵਧਣ ਦੇ ਰਸਤੇ ਦਾ ਮਹੱਤਵਪੂਰਨ ਹਿੱਸਾ ਹਨ, ਖ਼ਾਸ ਕਰਕੇ ਇਸ ਲਈ ਕਿਉਂਕਿ ਵਪਾਰਕ ਅਤੇ ਰਾਸ਼ਟਰੀ ਮੁਕਾਬਲੇ ਦੇ ਆਲੇ-ਦੁਆਲੇ ਪ੍ਰੋਤਸਾਹਨਾਂ ਤੋਂ ਬਚਣਾ ਮੁਸ਼ਕਲ ਹੈ। ਅਜਿਹੀ ਸੰਸਥਾ ਦਾ ਟੀਚਾ ਇਹ ਹੋਣਾ ਚਾਹੀਦਾ ਹੈ ਕਿ ਦੁਨੀਆ ਲਈ ਸਹਿਯੋਜਿਤ ਕਾਰਵਾਈ ਕਰਨਾ ਸੰਭਵ ਬਣੇ, ਜਿਸ ਵਿੱਚ ਲੋੜ ਪੈਣ 'ਤੇ ਅਤਿ-ਆਧੁਨਿਕ ਵਿਕਾਸ ਨੂੰ ਹੌਲੀ ਕਰਨਾ ਵੀ ਸ਼ਾਮਲ ਹੋਵੇ, ਤਾਂ ਜੋ ਸਮਾਜਕ ਲਚਕਤਾ, ਸੁਰੱਖਿਆ ਅਤੇ ਮਨੁੱਖੀ ਇੱਛਾ ਦੇ ਅਨੁਕੂਲ ਹੋਣਾ ਇਸ ਦੀ ਰਫ਼ਤਾਰ ਦੇ ਨਾਲ ਚੱਲ ਸਕਣ।
ਇੱਕ ਸਵੈਚਾਲਿਤ AI ਖੋਜਕਰਤਾ ਤਿਆਰ ਕਰਨਾ—ਅਜਿਹਾ AI ਸਿਸਟਮ ਜੋ ਖੋਜ ਦੀ ਪ੍ਰਕਿਰਿਆ ਨੂੰ ਤੇਜ਼ ਅਤੇ ਵੱਧ ਤੋਂ ਵੱਧ ਸਵੈਚਾਲਿਤ ਕਰ ਸਕੇ, ਜਦੋਂ ਕਿ ਉਹ ਖੋਜਕਰਤਾਵਾਂ ਦੇ ਨਿਰਦੇਸ਼ਾਂ ਅਨੁਸਾਰ ਚੱਲਣ ਯੋਗ, ਜਵਾਬਦੇਹ ਅਤੇ ਇਨਸਾਨਾਂ ਨਾਲ ਜੁੜਿਆ ਰਹੇ। ਸਾਡਾ ਅੰਦਰੂਨੀ ਵਿਸ਼ਵਾਸ ਹੈ ਕਿ ਮਾਰਚ 2028 ਤੱਕ ਸਾਡੀ ਖੋਜ ਦਾ ਇੱਕ ਵੱਡਾ ਹਿੱਸਾ AI ਸਿਸਟਮਾਂ ਦੁਆਰਾ ਸਾਡੇ ਆਪਣੇ ਖੋਜਕਰਤਾਵਾਂ ਦੇ ਨਾਲ ਮਿਲ ਕੇ ਕੀਤਾ ਜਾ ਸਕਦਾ ਹੈ। ਮਨੁੱਖੀ ਕਦਰਾਂ-ਕੀਮਤਾਂ ਨਾਲ ਤਾਲਮੇਲ ਵਿੱਚ ਲੋੜੀਂਦੀ ਤਰੱਕੀ ਕਰਨ ਲਈ, ਸਾਡਾ ਮੰਨਣਾ ਹੈ ਕਿ ਸਾਨੂੰ ਆਪਣੇ ਨਾਲ ਮਿਲ ਕੇ ਲਗਾਤਾਰ ਸੁਧਾਰ ਅਤੇ ਨਵੇਂ ਪ੍ਰਯੋਗ ਕਰਨ ਵਾਲੇ AI ਸਿਸਟਮਾਂ ਦੀ ਲੋੜ ਪਵੇਗੀ। ਇਹ ਸਾਨੂੰ AGI ਤੋਂ ਬਾਅਦ ਦੀ ਦੁਨੀਆ ਵੱਲ ਵਧਣ ਦੇ ਇਸ ਦੌਰ ਵਿੱਚੋਂ ਸਹੀ ਤਰੀਕੇ ਨਾਲ ਲੰਘਣ ਵਿੱਚ ਮਦਦ ਕਰੇਗਾ, ਤਾਂ ਜੋ ਅਸੀਂ ਸਾਰੇ ਮਿਲ ਕੇ ਭਵਿੱਖ ਦੇ ਰਾਹ ਦਾ ਫੈਸਲਾ ਕਰ ਸਕੀਏ।
ਵਿਗਿਆਨਕ ਤਰੱਕੀ, ਉਤਪਾਦਕਤਾ ਅਤੇ ਆਰਥਿਕ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਕੇਅਰਥਵਿਵਸਥਾ ਨੂੰ ਹੁਲਾਰਾ ਦੇਣਾ, ਅਤੇ ਨਾਲ ਹੀ ਇਹ ਯਕੀਨੀ ਬਣਾਉਣ ਲਈ ਕੰਮ ਕਰਨਾ ਕਿ ਇਸ ਦੇ ਲਾਭ ਸਭ ਤੱਕ ਵਿਆਪਕ ਰੂਪ ਵਿੱਚ ਪਹੁੰਚਣ। ਹਰ ਕਿਸੇ ਕੋਲ AI ਦੁਆਰਾ ਪੈਦਾ ਕੀਤੀ ਜਾਣ ਵਾਲੀ ਖੁਸ਼ਹਾਲੀ ਵਿੱਚ ਸਾਰਥਕ ਹਿੱਸਾ ਪਾਉਣ ਅਤੇ ਪ੍ਰਾਪਤ ਕਰਨ ਦਾ ਬਰਾਬਰ ਮੌਕਾ ਹੋਣਾ ਚਾਹੀਦਾ ਹੈ।
ਧਰਤੀ 'ਤੇ ਮੌਜੂਦ ਹਰ ਇਨਸਾਨ ਨੂੰ ਨਿੱਜੀ AGI ਪ੍ਰਦਾਨ ਕਰਨਾ, ਤਾਂ ਜੋ ਉਹ ਮਨੁੱਖਤਾ ਦੀਆਂ ਸਭ ਤੋਂ ਵੱਧ ਕ੍ਰਾਂਤੀਕਾਰੀ ਤਕਨਾਲੋਜੀਆਂ ਵਿੱਚੋਂ ਇੱਕ ਦਾ ਲਾਭ ਆਪਣੀ ਮਰਜ਼ੀ ਅਨੁਸਾਰ ਜਿਸ ਤਰ੍ਹਾਂ ਵੀ ਚਾਹੁਣ, ਉਠਾ ਸਕਣ।
ਇਹ ਪੂਰਾ ਕਰਨ ਲਈ, ਅਸੀਂ OpenAI ਦੇ ਤੀਜੇ ਪੜਾਅ ਵਿੱਚ ਦਾਖਲ ਹੋ ਰਹੇ ਹਾਂ।
OpenAI ਦਾ ਪਹਿਲਾ ਪੜਾਅ AGI ਦੀ ਦਿਸ਼ਾ ਵੱਲ ਖੋਜ ਕਰਨ ਬਾਰੇ ਸੀ। ਦੂਜਾ ਪੜਾਅ ਉਦੋਂ ਸ਼ੁਰੂ ਹੋਇਆ ਜਦੋਂ ਸਾਡੀ ਖੋਜ ਅਸਲ ਦੁਨੀਆ ਲਈ ਲਾਹੇਵੰਦ ਬਣ ਗਈ ਅਤੇ ਅਸੀਂ ਉਤਪਾਦ ਕੰਪਨੀ ਬਣ ਗਏ: ਆਪਣੇ ਸਿਸਟਮਾਂ ਨੂੰ ਲਾਗੂ ਕਰਨਾ, ਲੋਕਾਂ ਵੱਲੋਂ ਉਹਨਾਂ ਦੀ ਕੀਤੀ ਜਾ ਰਹੀ ਵਰਤੋਂ ਤੋਂ ਸਿੱਖਣਾ, ਅਤੇ ਅਜਿਹੇ AGI ਵੱਲ ਨਿਰੰਤਰ ਤਰੱਕੀ ਕਰਨਾ ਜੋ ਸੁਰੱਖਿਅਤ ਹੋਵੇ ਅਤੇ ਸਾਡੇ ਮਿਸ਼ਨ ਦੇ ਅਨੁਕੂਲ ਹੋਵੇ।
ਹੁਣ ਅਸੀਂ ਤੀਜੇ ਪੜਾਅ ਵਿੱਚ ਕਦਮ ਰੱਖ ਰਹੇ ਹਾਂ। ਅਰਥਵਿਵਸਥਾ AI ਦੇ ਆਲੇ-ਦੁਆਲੇ ਨਵਾਂ ਰੂਪ ਲੈ ਰਹੀ ਹੈ। ਹੁਣ ਮੁੱਖ ਸਵਾਲ ਇਹ ਹੈ ਕਿ ਉੱਨਤ AI ਨੂੰ ਇੰਨਾ ਭਰਪੂਰ, ਕਿਫ਼ਾਇਤੀ, ਸੁਰੱਖਿਅਤ, ਲਾਭਦਾਇਕ ਅਤੇ ਆਸਾਨ ਕਿਵੇਂ ਬਣਾਇਆ ਜਾਵੇ ਕਿ ਹਰ ਵਿਅਕਤੀ ਅਤੇ ਸੰਸਥਾ ਇਸ ਦਾ ਲਾਭ ਉਠਾ ਸਕੇ। ਸਭ ਤੋਂ ਅੱਗੇ ਵਧ ਕੇ ਅਤਿ-ਆਧੁਨਿਕ ਸਮਰੱਥਾ ਹਾਸਲ ਕਰਨਾ ਕੰਮ ਦਾ ਸਿਰਫ਼ ਇੱਕ ਹਿੱਸਾ ਹੈ। ਇਸ ਤੋਂ ਵੀ ਵੱਡਾ ਕੰਮ ਉਸ ਸਮਰੱਥਾ ਨੂੰ ਅਜਿਹੇ ਸਾਧਨਾਂ ਵਿੱਚ ਬਦਲਣਾ ਹੈ ਜਿਨ੍ਹਾਂ ਦੀ ਵਰਤੋਂ ਕਰਕੇ ਲੋਕ ਅਸਲ ਵਿੱਚ ਤਰੱਕੀ ਕਰ ਸਕਣ।
ਸਭ ਤੋਂ ਵੱਧ, ਸਾਡਾ ਮੰਨਣਾ ਹੈ ਕਿ ਤਾਕਤ ਦੀ ਵਿਆਪਕ ਵੰਡ ਇੱਕ ਬਿਹਤਰ ਭਵਿੱਖ ਵੱਲ ਲੈ ਜਾਣ ਵਿੱਚ ਮਦਦ ਕਰੇਗੀ। ਮਨੁੱਖੀ ਇਤਿਹਾਸ ਗਵਾਹ ਹੈ ਕਿ ਕੇਂਦਰਿਤ ਤਾਕਤ ਕਮਜ਼ੋਰੀ ਪੈਦਾ ਕਰਦੀ ਹੈ, ਜਦਕਿ ਵੱਡੇ ਪੱਧਰ 'ਤੇ ਵੰਡੀ ਹੋਈ ਤਾਕਤ ਸਮਾਜ ਨੂੰ ਵਧੇਰੇ ਲਚਕਦਾਰ, ਅਨੁਕੂਲ ਅਤੇ ਸੁਤੰਤਰ ਬਣਾਉਂਦੀ ਹੈ।
ਇਹੀ ਕਾਰਨ ਹੈ ਕਿ ਇਸ ਤਕਨਾਲੋਜੀ ਤੱਕ ਪਹੁੰਚ ਹੋਣੀ ਬਹੁਤ ਅਹਿਮ ਹੈ। ਇਸੇ ਲਈ ਸੁਰੱਖਿਆ, ਪਰਦੇਦਾਰੀ, ਕਿਫ਼ਾਇਤੀ ਹੋਣਾ, ਖੁੱਲ੍ਹੇ ਈਕੋਸਿਸਟਮ ਅਤੇ ਜਨਤਕ ਨਿਗਰਾਨੀ ਵੀ ਬਹੁਤ ਮਾਇਨੇ ਰੱਖਦੇ ਹਨ।
AI ਦਾ ਬਿਹਤਰ ਭਵਿੱਖ ਅਜਿਹਾ ਨਹੀਂ ਹੋ ਸਕਦਾ ਜਿੱਥੇ ਕੁਝ ਗਿਣਤੀ ਦੀਆਂ ਸੰਸਥਾਵਾਂ ਦਾ ਹੀ ਇਸ ਦੀ ਜ਼ਿਆਦਾਤਰ ਸਮਰੱਥਾ ਅਤੇ ਇਸ ਤੋਂ ਹੋਣ ਵਾਲੇ ਮੁਨਾਫ਼ੇ ਉੱਤੇ ਨਿਯੰਤਰਣ ਹੋਵੇ। ਇਹ ਅਜਿਹਾ ਭਵਿੱਖ ਹੋਣਾ ਚਾਹੀਦਾ ਹੈ ਜਿੱਥੇ ਬਹੁਤ ਸਾਰੇ ਲੋਕ, ਕੰਪਨੀਆਂ, ਭਾਈਚਾਰੇ ਅਤੇ ਦੇਸ਼ ਇਸ ਨੂੰ ਵਿਕਸਿਤ ਕਰ ਸਕਣ, ਇਸ ਦਾ ਲਾਭ ਉਠਾ ਸਕਣ ਅਤੇ ਇਸ ਦੀ ਤਾਕਤ ਸੰਭਾਲ ਸਕਣ। ਸਾਡਾ ਮੰਨਣਾ ਹੈ ਕਿ ਇਹ ਬਦਲਾਅ ਹਰ ਕਿਸੇ ਦਾ ਆਪਣਾ ਹੋਣਾ ਚਾਹੀਦਾ ਹੈ।
ਜੇਕਰ ਅਸੀਂ ਇਸ ਮਕਸਦ ਵਿੱਚ ਕਾਮਯਾਬ ਹੋ ਜਾਂਦੇ ਹਾਂ, ਤਾਂ AI ਆਮ ਲੋਕਾਂ ਲਈ ਵਧੇਰੇ ਉਤਪਾਦਕਤਾ , ਰਚਨਾਤਮਕਤਾ, ਵਿਗਿਆਨਕ ਤਰੱਕੀ ਅਤੇ ਆਰਥਿਕ ਮੌਕਿਆਂ ਦੀ ਮਜ਼ਬੂਤ ਨੀਂਹ ਬਣ ਸਕਦਾ ਹੈ, ਅਤੇ ਅਸੀਂ ਆਪਣੇ ਮਿਸ਼ਨ ਨੂੰ ਹਾਸਲ ਕਰ ਲਵਾਂਗੇ: ਯਾਨੀ ਇਹ ਯਕੀਨੀ ਬਣਾਉਣਾ ਕਿ AGI ਦਾ ਲਾਭ ਪੂਰੀ ਮਨੁੱਖਤਾ ਨੂੰ ਮਿਲੇ।
*AI ਲਚਕਤਾ ਤੋਂ ਭਾਵ ਉਨ੍ਹਾਂ ਸੰਸਥਾਵਾਂ, ਸਿਸਟਮਾਂ ਅਤੇ ਵਿਅਕਤੀਆਂ ਦੇ ਸਮੂਹ ਤੋਂ ਹੈ ਜਿਨ੍ਹਾਂ ਨੂੰ ਸਮਾਜ AI ਕਾਰਨ ਪੈਦਾ ਹੋਣ ਵਾਲੀਆਂ ਰੁਕਾਵਟਾਂ ਜਾਂ ਉਥਲ-ਪੁਥਲ ਦਾ ਪਹਿਲਾਂ ਤੋਂ ਅੰਦਾਜ਼ਾ ਲਗਾਉਣ, ਉਨ੍ਹਾਂ ਦਾ ਸਾਹਮਣਾ ਕਰਨ, ਉਨ੍ਹਾਂ ਮੁਤਾਬਕ ਢਲਣ ਅਤੇ ਉਨ੍ਹਾਂ ਵਿੱਚੋਂ ਤੇਜ਼ੀ ਨਾਲ ਉੱਭਰਨ ਲਈ ਤਿਆਰ ਕਰ ਸਕਦਾ ਹੈ। ਉਦਾਹਰਨ ਲਈ, ਆਟੋਮੋਬਾਈਲ ਨੇ ਸਮਾਜ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਸੀ, ਪਰ ਉਹ ਉਦੋਂ ਹੀ ਵਿਆਪਕ ਰੂਪ ਵਿੱਚ ਲਾਭਦਾਇਕ ਬਣ ਸਕੀਆਂ ਜਦੋਂ ਸਮਾਜ ਨੇ ਉਨ੍ਹਾਂ ਦੇ ਆਲੇ-ਦੁਆਲੇ ਸੁਰੱਖਿਆ ਪ੍ਰਣਾਲੀਆਂ ਤਿਆਰ ਕੀਤੀਆਂ: ਜਿਵੇਂ ਸੀਟ ਬੈਲਟ, ਟ੍ਰੈਫਿਕ ਨਿਯਮ, ਡਰਾਈਵਿੰਗ ਲਾਇਸੰਸ, ਕਰੈਸ਼ ਟੈਸਟਿੰਗ ਅਤੇ ਸੜਕਾਂ ਦਾ ਬੁਨਿਆਦੀ ਢਾਂਚਾ। ਇਸ ਦਾ ਮਕਸਦ ਲੋਕਾਂ ਨੂੰ ਗੱਡੀ ਚਲਾਉਣ ਤੋਂ ਰੋਕਣਾ ਨਹੀਂ ਸੀ—ਬਲਕਿ ਇਸ ਸ਼ਕਤੀਸ਼ਾਲੀ ਤਕਨਾਲੋਜੀ ਨੂੰ ਇੰਨਾ ਲਚਕਦਾਰ ਬਣਾਉਣਾ ਸੀ ਕਿ ਇਸ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਜਾ ਸਕੇ।


